ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਮੁੜ ਤੋਂ ਪੁਰਾਣੀ ਸ਼ਰਾਬ ਨੀਤੀ ਲਾਗੂ ਕਰਨ ਦੇ ਐਲਾਨ ਮਗਰੋਂ ਨਿੱਜੀ ਠੇਕਿਆਂ ਦੇ ਕਰਿੰਦਿਆਂ ਅੱਗੇ ਰੁਜ਼ਗਾਰ ਦੇ ਮਸਲੇ ਭਾਰੀ ਪੈ ਗਏ ਹਨ ਤੇ ਉਨ੍ਹਾਂ ਨੂੰ ਭਵਿੱਖ ਦੇ ਤੌਖਲੇ ਸਤਾ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜਧਾਨੀ ਵਿੱਚ ਪਹਿਲੀ ਸਤੰਬਰ ਤੋਂ ਪ੍ਰਾਈਵੇਟ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਲਾਜਪਤ ਨਗਰ ਸਥਿਤ ਇਕ ਸ਼ਰਾਬ ਦੇ ਠੇਕੇ ਦੇ ਸੇਲਜ਼ਮੈਨ ਰਾਮਦੱਤ ਪ੍ਰਜਾਪਤੀ ਨੇ ਕਿਹਾ ਕਿ ਸ਼ਰਾਬ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕਿਸਮਤ ਦਾਅ ‘ਤੇ ਹੈ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਕੀ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਕੰਮ ਕਰਨ ਦੀ ਇਜ਼ਾਜਤ ਦੇਵੇਗੀ ਜਾਂ ਨਹੀਂ। ਕਰਿੰਦਿਆਂ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਸ਼ਰਾਬ ਦੇ ਨਿੱਜੀ ਠੇਕਿਆਂ ਨੂੰ ਚੱਲਣ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਨ ਦੇ ਫੈਸਲੇ ਨਾਲ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਣਗੇ। ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਦੇਵੇਸ਼ ਭੰਡਾਰੀ ਨੇ ਕਿਹਾ ਕਿ ਉਹ ਨੋਇਡਾ ਜਾਂ ਗਾਜ਼ੀਆਬਾਦ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਸੇ ਤਰ੍ਹਾਂ ਮਨੀਸ਼ ਵਿਆਸ ਅਸ਼ੋਕ ਵਿਹਾਰ ਵਿੱਚ ਇੱਕ ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਦਾ ਹੈ, ਆਪਣੇ ਭਵਿੱਖ ਬਾਰੇ ਅਣਜਾਣ ਹੈ। ਦਿੱਲੀ ਸਰਕਾਰ ਨੇ 17 ਨਵੰਬਰ 2021 ਨੂੰ ਲਾਗੂ ਆਪਣੀ ਨਵੀਂ ਆਬਕਾਰੀ ਨੀਤੀ ਦੇ ਨਾਲ ਪ੍ਰਚੂਨ ਸ਼ਰਾਬ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਨਿੱਜੀ ਬਣਾ ਦਿੱਤਾ ਸੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹਾਲ ਹੀ ‘ਚ ਕਿਹਾ ਸੀ ਕਿ ਸਰਕਾਰ ਪੁਰਾਣੀ ਆਬਕਾਰੀ ਨੀਤੀ ‘ਤੇ ਵਾਪਸੀ ਕਰੇਗੀ ਅਤੇ 1 ਸਤੰਬਰ ਤੋਂ ਆਪਣੇ ਚਾਰ ਕਾਰਪੋਰੇਸ਼ਨਾਂ ਰਾਹੀਂ ਸ਼ਰਾਬ ਦੇ ਸਟੋਰ ਚਲਾਏਗੀ।