ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਸਤੰਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ਸੀਬੀਆਈ-ਈਡੀ ਵਾਂਗ ਗੁਜਰਾਤ ਪੁਲੀਸ ਨੇ ਵੀ ਆਮ ਆਦਮੀ ਪਾਰਟੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਅਹਿਮਦਾਬਾਦ ਵਿੱਚ ‘ਆਪ’ ਦਫਤਰ ’ਤੇ ਮਾਰੇ ਗਏ ਗੈਰ-ਕਾਨੂੰਨੀ ਛਾਪੇ ਵਿੱਚ ਵੀ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਫਤਰ ’ਤੇ ਛਾਪਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ ਪੁਲੀਸ ਅਧਿਕਾਰੀਆਂ ਕੋਲ ਸਰਚ ਵਾਰੰਟ ਵੀ ਨਹੀਂ ਸੀ। ਦੋ ਘੰਟੇ ਚੱਲੀ ਇਸ ਛਾਪੇ ਦੌਰਾਨ ਪੁਲੀਸ ਅਧਿਕਾਰੀ ਪੁੱਛਦੇ ਰਹੇ ਕਿ ਤੁਸੀਂ ਪੈਸੇ ਕਿੱਥੇ ਰੱਖਦੇ ਹੋ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਦਫ਼ਤਰਾਂ ’ਤੇ ਰੋਜ਼ਾਨਾ ਛਾਪੇ ਮਾਰਨ ਦਾ ਕਾਰਨ ਗੁਜਰਾਤ ਵਿੱਚ ‘ਆਪ’ ਦਾ ਤੇਜ਼ੀ ਨਾਲ ਵੱਧ ਰਿਹਾ ਗ੍ਰਾਫ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਭਾਜਪਾ ਨੂੰ ਸਿੱਧਾ ਮੁਕਾਬਲਾ ਦੇ ਰਹੀ ਹੈ। ਗੁਜਰਾਤ ਵਿੱਚ 27 ਸਾਲਾਂ ਤੋਂ ਭਾਜਪਾ ਨੂੰ ਕਿਸੇ ਨੇ ਮੁਕਾਬਲਾ ਨਹੀਂ ਦਿੱਤਾ। ਗੁਜਰਾਤ ਦੇ ਮੁੱਖ ਮੰਤਰੀ ਨੂੰ ਅੱਗੇ ਆ ਕੇ ਦੱਸਣਾ ਚਾਹੀਦਾ ਹੈ ਕਿ ਕੀ ਕੱਲ੍ਹ ਆਮ ਆਦਮੀ ਪਾਰਟੀ ਦੇ ਅਹਿਮਦਾਬਾਦ ਦਫ਼ਤਰ ’ਤੇ ਛਾਪਾ ਨਹੀਂ ਮਾਰਿਆ ਗਿਆ ਸੀ।
ਆਤਿਸ਼ੀ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਲਈ ਅਹਿਮਦਾਬਾਦ ਪੁੱਜੇ। ਉਨ੍ਹਾਂ ਕਿਹਾ ਕਿ ਇਹ ਛਾਪੇ ਬਿਲਕੁੱਲ ਗੈਰ-ਕਾਨੂੰਨੀ ਸੀ ਕਿਉਂਕਿ ਇਨ੍ਹਾਂ ਅਧਿਕਾਰੀਆਂ ਕੋਲ ਸਰਚ ਵਾਰੰਟ, ਅਦਾਲਤੀ ਹੁਕਮਾਂ, ਲਿਖਤੀ ਹਦਾਇਤਾਂ ਵਿੱਚੋਂ ਕੋਈ ਵੀ ਨਹੀਂ ਸੀ। ਇਸ ਦੇ ਬਾਵਜੂਦ 2 ਘੰਟੇ ਤੱਕ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਜਾਂਚ ਕੀਤੀ ਗਈ। ਇਸ ਤੋਂ ਬਾਅਦ ਵੀ ਗੁਜਰਾਤ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ।
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਕੇਂਦਰ ਸਰਕਾਰ ਨੇ ‘ਆਪ’ ਦੇ ਨੇਤਾਵਾਂ, ਦਫਤਰਾਂ, ਮੰਤਰੀਆਂ, ਵਿਧਾਇਕਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਦੀ ਵੀ ਨਿੰਦਾ ਕੀਤੀ।
ਲੋਕ ਗੁਜਰਾਤ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ: ਪਾਠਕ
ਨਵੀਂ ਦਿੱਲੀ: ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਡਰੋਂ ਭਾਜਪਾ ਨੇ ‘ਆਪ’ ਦੇ ਅਹਿਮਦਾਬਾਦ ਦਫਤਰ ਵਿੱਚ ਬਿਨਾਂ ਵਾਰੰਟ ਦੇ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇ ਦੌਰਾਨ ਵੀ ਕੁਝ ਵੀ ਨਹੀਂ ਮਿਲਿਆ ਤੇ ਨਾ ਹੀ ‘ਆਪ’ ਦੇ ਅਹਿਮਦਾਬਾਦ ਦਫ਼ਤਰ ਵਿੱਚੋਂ ਕੁਝ ਮਿਲਿਆ। ਭਾਜਪਾ ਨੂੰ ਪਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ’ਤੇ ਆ ਰਹੇ ਹਨ, ਇਸ ਲਈ ਗੁਜਰਾਤ ਪੁਲੀਸ ਦੀ ਮਦਦ ਨਾਲ ਪਹਿਲਾਂ ਹੀ ਛਾਪੇ ਮਰਵਾਏ ਗਏ। ਗੁਜਰਾਤ ਪੁਲੀਸ ਨੇ ਖੁਦ ਕਿਹਾ ਕਿ ਤਲਾਸ਼ੀ ਲਈ ਕੋਈ ਵਾਰੰਟ ਜਾਰੀ ਨਹੀਂ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਗੁਜਰਾਤ ਵਿੱਚ ਕਾਂਗਰਸ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ ’ਤੇ ਆ ਗਈ ਹੈ। ਗੁਜਰਾਤ ਦੇ ਲੋਕ ਭਾਜਪਾ ਦੇ 27 ਸਾਲਾਂ ਦੇ ਸ਼ਾਸ਼ਨ ਤੋਂ ਤੰਗ ਆ ਚੁੱਕੇ ਹਨ ਅਤੇ ਗੁਜਰਾਤ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ।