ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਨੂੰ ਮੀਂਹ ਪਿਆ ਹੈ। ਦੱਖਣੀ ਅਤੇ ਮੱਧ ਦਿੱਲੀ ਦੇ ਕੁਝ ਖੇਤਰਾਂ ਵਿੱਚ ਹਲਕੀ ਵਰਖਾ ਹੋਣ ਨਾਲ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 25.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਸਫਦਰਜੰਗ ਆਬਜ਼ਰਵੇਟਰੀ, ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ ਨੇ ਅਗਸਤ ਵਿੱਚ ਹੁਣ ਤੱਕ ਸਿਰਫ 33.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਹੈ, ਜਦੋਂਕਿ ਆਮ ਤੌਰ ’ਤੇ 191.1 ਮਿਲੀਮੀਟਰ (82 ਫੀਸਦੀ ਘੱਟ) ਬਾਰਿਸ਼ ਹੋਈ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਪੰਜ ਤੋਂ ਛੇ ਦਿਨਾਂ ਵਿੱਚ ਦਿੱਲੀ ਵਿੱਚ ਆਮ ਤੌਰ ’ਤੇ ਬੱਦਲਵਾਈ ਤੇ ਬਹੁਤ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ‘ਸਕਾਈਮੇਟ ਵੈਦਰ’ ਦੇ ਉਪ ਪ੍ਰਧਾਨ (ਜਲਵਾਯੂ ਪਰਿਵਰਤਨ ਅਤੇ ਮੌਸਮ ਵਿਗਿਆਨ) ਮਹੇਸ਼ ਪਲਾਵਤ ਨੇ ਕਿਹਾ ਕਿ ਅਗਸਤ ਦੇ ਅੰਤ ਤੱਕ ਦਿੱਲੀ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਨਹੀਂ ਹੈ।