ਦਿੱਲੀ, 14 ਜੂਨ
ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨਾਂ ਪ੍ਰੋਫ਼ੈਸਰ ਜੀ ਐੱਨ ਸਾਈਬਾਬਾ ਅਤੇ ਵਰਵਰਾ ਰਾਓ ਦੀ ਮਹਾਰਾਸ਼ਟਰ ਜੇਲ੍ਹ ’ਚੋਂ ਰਿਹਾਈ ਲਈ ਦੁਨੀਆ ਦੇ 130 ਮੰਨੇ-ਪ੍ਰਮੰਨੇ ਬੁੱਧੀਜੀਵੀਆਂ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਿਆ ਹੈ। ਊਨ੍ਹਾਂ ਮੰਗ ਕੀਤੀ ਹੈ ਕਿ ਕਰੋਨਾ ਮਹਾਮਾਰੀ ਕਾਰਨ ਊਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇ। ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਨੋਆਮ ਚੋਮਸਕੀ, ਜੁਡਿਥ ਬਟਲਰ, ਪਾਰਥਾ ਚੈਟਰਜੀ, ਹੋਮੀ ਕੇ ਭਾਬਾ, ਬਰੂਨੋ ਲਾਟੂਰ, ਜੇਰਾਲਡ ਹੋਰਨੇ ਅਤੇ ਨਗੂਗੀ ਵਾ ਥਿਓਂਗੋ ਸ਼ਾਮਲ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰੋਫ਼ੈਸਰ ਸਾਈਬਾਬਾ ਸਰੀਰਕ ਤੌਰ ’ਤੇ 90 ਫ਼ੀਸਦੀ ਅਪਾਹਜ ਹਨ ਅਤੇ ਊਨ੍ਹਾਂ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ। ਇਸੇ ਤਰ੍ਹਾਂ 80 ਵਰ੍ਹਿਆਂ ਦੇ ਕਵੀ ਵਰਵਰਾ ਰਾਓ ਪਿਛਲੇ ਡੇਢ ਸਾਲ ਤੋਂ ਬਿਨਾਂ ਮੁਕੱਦਮੇ ਦੇ ਜੇਲ੍ਹ ’ਚ ਬੰਦ ਹਨ। ਪੈੱਨ ਇੰਟਰਨੈਸ਼ਨਲ ਸਮੇਤ ਕਈ ਜਥੇਬੰਦੀਆਂ ਨੇ ਵੀ ਦੋਹਾਂ ਆਗੂਆਂ ਦੀ ਰਿਹਾਈ ਮੰਗੀ ਹੈ।