ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਦਿੱਲੀ ਦੀ ਇੱਕ ਹੋਰ ਵੱਡੀ ਪ੍ਰਾਈਵੇਟ ਸਕੂਲ ਸੰਸਥਾ ਨੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੇ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਬੇਨਤੀ ਕੀਤੀ ਹੈ। ਨੈਸ਼ਨਲ ਪ੍ਰੋਗਰੈਸਿਵ ਸਕੂਲਜ਼ ਕਾਨਫਰੰਸ (ਐਨਪੀਐਸਸੀ) ਨੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਕੋਲ ਬੱਚਿਆਂ ਦੁਆਰਾ ਸਿੱਖਣ ਦੇ ਨੁਕਸਾਨ ਦਾ ਮੁੱਦਾ ਉਠਾਇਆ ਹੈ। ‘ਐਨਪੀਐਸਸੀ’ ਅਧੀਨ ਦਿੱਲੀ ਵਿੱਚ ਕੁਝ ਪ੍ਰਮੁੱਖ ਸਕੂਲ ਹਨ ਜਿਵੇਂ ਕਿ ਸੰਸਕ੍ਰਿਤੀ ਸਕੂਲ, ਸਰਦਾਰ ਪਟੇਲ ਵਿਦਿਆਲਿਆ, ਦਿੱਲੀ ਪਬਲਿਕ ਸਕੂਲ ਦੀਆਂ ਵੱਖ-ਵੱਖ ਸ਼ਾਖਾਵਾਂ ਤੇ ਮਾਡਰਨ ਸਕੂਲ। ਐਕਸ਼ਨ ਕਮੇਟੀ ਅਨਏਡਿਡ ਪ੍ਰਾਈਵੇਟ ਸਕੂਲਾਂ ਵੱਲੋਂ ਉਪ ਰਾਜਪਾਲ ਦਫ਼ਤਰ ਨੂੰ ਲਿਖੇ ਪੱਤਰ ਤੋਂ ਬਾਅਦ ਸਕੂਲਾਂ ਦੇ ਮੁੜ ਖੋਲ੍ਹਣ ਨੂੰ ਪਹਿਲ ਦੇ ਆਧਾਰ ’ਤੇ ਇਹ ਕਹਿੰਦੇ ਹੋਏ ਕਿ ਅਪੀਲ ਕੀਤੀ ਸੀ ਕਿ ਸਕੂਲਾਂ ਬੰਦ ਰੱਖਣ ਦਾ ਕੋਈ ਵੀ ਤਰਕ ਨਹੀਂ ਹੈ। ਐਨਪੀਐਸਸੀ ਦੇ ਪੱਤਰ ਵਿੱਚ ਕਿਹਾ ਗਿਆ ਕਿ ਦਿੱਲੀ ਦੇ ਸਕੂਲ ਲਗਭਗ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਬੰਦ ਕੀਤੇ ਗਏ ਸਨ।
ਇਸ ਨਾਲ ਹਰ ਉਮਰ ਦੇ ਵਿਦਿਆਰਥੀਆਂ ਦਾ ਮਾਨਸਿਕ ਤੇ ਸਰੀਰਕ ਨੁਕਸਾਨ ਹੋਇਆ ਹੈ। ਵਰਤਮਾਨ ਸਥਿਤੀ ਇੱਕ ਪੀੜ੍ਹੀ ਨੂੰ ਤਬਾਹੀ ਵੱਲ ਲਿਜਾ ਰਹੀ ਹੈ। ਇਸ ਨਾਲ ਸਿੱਖਣ ਦੇ ਵੱਡੇ ਪਾੜੇ ਨੂੰ ਪੈਦਾ ਕਰ ਰਹੀ ਹੈ। ਇਸ ਦਾ ਲੰਬੇ ਸਮੇਂ ਲਈ ਅਤੇ ਡੂੰਘਾ ਪ੍ਰਭਾਵ ਪਵੇਗਾ। ਉਨ੍ਹਾਂ ਤਰਕ ਦਿੱਤਾ ਕਿ ਗਲੋਬਲ ਮੈਡੀਕਲ ਮਾਹਿਰਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਵਾਇਰਸ ਦੇ ਫੈਲਣ ਦਾ ਸਕੂਲ ਖੋਲ੍ਹਣ ਨਾਲ ਕੋਈ ਸਬੰਧ ਨਹੀਂ ਹੈ।