ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਸਰਕਾਰੀ ਮਾਹਿਰਾਂ ਦੇ ਅਨੁਸਾਰ ਓਮੀਕਰੋਨ ਵੇਰੀਐਂਟ ਡੈਲਟਾ ਵੇਰੀਐਂਟ ਨਾਲੋਂ ਘੱਟ ਘਾਤਕ ਹੈ। ਇਸ ’ਚ ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ। ਫਿਲਹਾਲ ਦਿੱਲੀ ’ਚ ਕਿਸੇ ਵੀ ਮਰੀਜ਼ ਨੂੰ ਆਕਸੀਜਨ ਦੀ ਲੋੜ ਨਹੀਂ ਹੈ। ਦਿੱਲੀ ਵਿੱਚ ਕਰੋਨਾ ਦੀ ਸਥਿਤੀ ਫਿਲਹਾਲ ਕਾਬੂ ਹੇਠ ਹੈ। ਦਿੱਲੀ ਸਰਕਾਰ ਕਰੋਨਾ ਦੀ ਤੀਜੀ ਲਹਿਰ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ। ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ ਨਾਲ ਜ਼ਿਆਦਾਤਰ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਦਿੱਲੀ ’ਚ ਸੈਂਕੜੇ ਵੈਕਸੀਨ ਕੇਂਦਰ ਹਨ। ਜਿੱਥੇ ਪ੍ਰਤੀ ਦਿਨ 3 ਲੱਖ ਟੀਕੇ ਲਗਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਅਸੀਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕਰਨ ਲਈ ਆਪਣੇ ਸਾਧਨਾਂ ਨਾਲ ਪੂਰੀ ਤਰ੍ਹਾਂ ਤਿਆਰ ਹਾਂ। ਸਾਡੇ ਕੋਲ ਬੂਸਟਰ ਖੁਰਾਕਾਂ ਲਈ ਕਾਫੀ ਸਟਾਕ ਵੀ ਹੈ। ਕਰੋਨਾ ਵਿਚਕਾਰ ਦਿੱਲੀ ਸਰਕਾਰ ਨੇ ਬੱਚਿਆਂ ਲਈ 3 ਹਜ਼ਾਰ ਤੋਂ ਵੱਧ ਬੈੱਡਾਂ ਦਾ ਪ੍ਰਬੰਧ ਕੀਤਾ ਹੈ। ਸਾਰੇ ਸਿਹਤ ਕਰਮਚਾਰੀਆਂ ਨੂੰ ਇਸ ਦੀ ਤਿਆਰੀ ਸਬੰਧੀ ਵਿਸ਼ੇਸ਼ ਹਦਾਇਤਾਂ ਤੇ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਇਨ੍ਹੀਂ ਦਿਨੀਂ ਓਮੀਕਰੋਨ ਦੇ ਟੈਸਟ ਦੀ ਮੰਗ ਕਰ ਰਹੇ ਹਨ। ਓਮੀਕਰੋਨ ਦੀ ਜਾਣਕਾਰੀ ਸਿਰਫ ਤੇ ਸਿਰਫ ਸਰਕਾਰ ਅਤੇ ਨਿਯਮ ਬਣਾਉਣ ਵਾਲੇ ਅਦਾਰਿਆਂ ਲਈ ਜ਼ਰੂਰੀ ਹੈ ਤਾਂ ਜੋ ਉਹ ਉਸ ਅਨੁਸਾਰ ਸਿਸਟਮ ਨੂੰ ਯਕੀਨੀ ਬਣਾ ਸਕਣ। ਮਰੀਜ਼ਾਂ ਨੂੰ ਕਰੋਨਾ ਦੇ ਰੂਪਾਂ ਬਾਰੇ ਜਾਣ ਕੇ ਵੀ ਕੁਝ ਨਵਾਂ ਨਹੀਂ ਮਿਲੇਗਾ। ਕਿਉਂਕਿ ਦੂਜੇ ਕਰੋਨਾ ਦੇ ਰੂਪਾਂ ਲਈ ਇਲਾਜ ਦੀ ਪ੍ਰਕਿਰਿਆ ਓਮੀਕਰੋਨ ਦੇ ਰੂਪਾਂ ਲਈ ਬਿਲਕੁਲ ਉਹੀ ਹੈ। ਇਸ ਦੇ ਇਲਾਜ ਤੇ ਰੋਕਥਾਮ ਲਈ ਪ੍ਰੋਟੋਕੋਲ ਵੀ ਪਹਿਲਾਂ ਵਾਂਗ ਹੀ ਹੈ। ਉਨ੍ਹਾਂ ਲੋਕਾਂ ਨੂੰ ਜਨਤਕ ਥਾਵਾਂ ‘ਤੇ ਸੁਰੱਖਿਆ ਲਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਿਰਫ ਸਾਵਧਾਨੀ ਇਸ ਦੀ ਰੋਕਥਾਮ ਹੈ। ਮਾਸਕ ਪਹਿਨਣਾ ਹੈ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੈ।