ਕੁਲਦੀਪ ਸਿੰਘ
ਨਵੀਂ ਦਿੱਲੀ, 29 ਮਈ
ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਉੱਘੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਜਨਮ-ਸ਼ਤਾਬਦੀ ਦੇ ਮੌਕੇ ਤੇ ‘ਨਿੱਕੀ ਕਹਾਣੀ ਦੀ ਵਿਧਾ ਦੇ ਪਤਨ ਦਾ ਕੱਚ-ਸੱਚ’ ਉੱਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਲੈਕਚਰ ਦਿੱਤਾ।
ਇਸ ਮੌਕੇ ਪ੍ਰਧਾਨਗੀ ਪ੍ਰਸਿੱਧ ਗਲਪਕਾਰ ਤੇ ਲੋਕਧਾਰਾ ਮਾਹਰ ਡਾ. ਜੋਗਿੰਦਰ ਸਿੰਘ ਕੈਰੋਂ ਨੇ ਕੀਤੀ ਤੇ ਪ੍ਰੋਗਰਾਮ ਦੇ ਕਨਵੀਨਰ ਡਾ. ਰਵੇਲ ਸਿੰਘ ਸਨ। ਅਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀਓ ਆਇਆਂ ਕਿਹਾ। ਨਾਲ ਹੀ ਸਦਨ ਦੇ ਸਾਹਿਤਕ ਉਦੇਸ਼ਾਂ ਅਤੇ ਪ੍ਰਮੁੱਖ ਪ੍ਰੋਗਰਾਮਾਂ ਬਾਰੇ ਦਸਦਿਆਂ ਉਨ੍ਹਾਂ ਕੁਲਵੰਤ ਸਿੰਘ ਵਿਰਕ ਨੂੰ ਆਮ ਬੰਦੇ ਦੀ ਗੱਲ ਕਰਨ ਵਾਲਾ ਧਰਤੀ ਨਾਲ ਜੁੜਿਆ ਵੱਡਾ ਸਾਹਿਤਕਾਰ ਕਿਹਾ ਅਤੇ ਨਾਲ ਹੀ ਗੁਲਜ਼ਾਰ ਸਿੰਘ ਸੰਧੂ ਦੇ ਲੇਖ ਵਿੱਚੋਂ ‘ਵਿਰਕ ਅਜਿਹਾ ਬਲਦ ਹੈ ਜੋ ਮਰਨ ਉਪਰੰਤ ਵੀ ਆਪਣੇ ਸਿੰਗਾਂ ’ਤੇ ਧਰਤੀ ਨੂੰ ਚੁੱਕੀ ਬੈਠਾ ਹੈ’ ਦਾ ਜ਼ਿਕਰ ਕਰਦਿਆਂ ਹੋਇਆ ਵਿਰਕ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਡਾ. ਰਵੇਲ ਸਿੰਘ ਨੇ ਵਿਸ਼ੇ ਬਾਰੇ ਸੰਖੇਪ ’ਚ ਚਾਨਣਾ ਪਾਇਆ। ਡਾ. ਸੁਰਜੀਤ ਸਿੰਘ ਨੇ ਆਪਣੇ ਲੈਕਚਰ ’ਚ ਵਿਰਕ ਸਾਹਿਬ ਵਾਲੀ ਨਿੱਕੀ ਸ਼ੈਲੀ ਦੀ ਕਹਾਣੀ ਤੋਂ ਗੱਲ ਸ਼ੁਰੂ ਕਰਦਿਆਂ ਪੰਜਾਬੀ ਕਹਾਣੀ ਜਗਤ ’ਚ ਉਨ੍ਹਾਂ ਦੇ ਉਸ ਯੋਗਦਾਨ ਨੂੰ ਉਭਾਰਿਆ ਜਿਸ ਵਿਚ ਵੱਡੀ ਗਿਣਤੀ ’ਚ ਵਿਚਰਦੇ ਸਾਧਾਰਨ ਬੰਦੇ ਦੀ ਗੱਲ ਨੂੰ ਛੋਟੇ ਬਿਰਤਾਂਤ ਰਾਹੀਂ ਕਹਿਣ ਦਾ ਅਵਸਰ ਪ੍ਰਾਪਤ ਹੋਇਆ। ਵਿਰਕ ਤੋਂ ਬਾਅਦ ਦਾ ਕਹਾਣੀ ਜਗਤ ਲੰਮੀਆਂ, ਬੋਝਲ, ਵਿਚਾਰਧਾਰਕ ਤੇ ਕਲਾ-ਵਿਹੂਣਤਾ ਨੂੰ ਸਮਰਪਿਤ ਅਜਿਹਾ ਸਿਰਜਣਾ ਜਗਤ ਹੈ ਜਿਸਨੂੰ ਪ੍ਰਵਚਨਾਤਮਕ ਤੇ ਸੰਸਥਾਗਤ ਢਾਂਚੇ ਨੇ ਹਵਾ ਦਿੱਤੀ ਤੇ ਉਸ ਵਿਚੋਂ ਨਿੱਕੀ ਕਹਾਣੀ ਮਨਫ਼ੀ ਹੁੰਦੀ ਗਈ। ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਕੈਰੋਂ ਨੇ ਡਾ. ਸੁਰਜੀਤ ਸਿੰਘ ਦੇ ਲੈਕਚਰ ਦੀ ਪ੍ਰਸੰਸਾ ਕਰਦਿਆਂ ਵਿਰਕ ਨੂੰ ਅਜਿਹਾ ਕਹਾਣੀਕਾਰ ਕਿਹਾ ਜਿਨ੍ਹਾਂ ਦੀਆਂ ਰਚਨਾਵਾਂ ਲੋਕ ਕਹਾਣੀਆਂ ਦਾ ਦਰਜਾ ਪ੍ਰਾਪਤ ਕਰ ਗਈਆਂ ਤੇ ਪਾਠਕਾਂ ਦੀ ਮਨੋ ਸਿਮਰਤੀ ਦਾ ਅੰਗ ਬਣ ਗਈਆਂ ਹਨ। ਉਨ੍ਹਾਂ ਅਨੁਸਾਰ ਵਿਰਕ ਤੋਂ ਬਾਅਦ ਵਿਰਕ ਦੇ ਪੱਧਰ ਦਾ ਕਹਾਣੀਕਾਰ ਨਹੀਂ ਹੋਇਆ ਜਿਸ ਵਿਚ ਵਿਧਾ ਤੇ ਸ਼ਬਦਾਂ ਦੀ ਖੂਬਸੂਰਤੀ ਦੇ ਨਾਲ ਨਾਲ ਸਾਧਾਰਨ ਬੰਦੇ ਦੀ ਗੱਲ ਕਰਨ ਦਾ ਹੁਨਰ ਹੋਵੇ ਤੇ ਇਸਦਾ ਸਭ ਤੋਂ ਮਾੜਾ ਅਸਰ ਇਹ ਹੋਇਆ ਕਿ ਕਹਾਣੀ, ਖਾਸ ਕਰਕੇ ਨਿੱਕੀ ਕਹਾਣੀ ਆਮ ਪਾਠਕ ਤੋਂ ਟੁੱਟਕੇ ਵਿਸ਼ੇਸ਼ ਪਾਠਕ ਤੱਕ ਹੀ ਸੀਮਤ ਹੋ ਗਈ। ਅਖੀਰ ’ਚ ਡਾ. ਰਵੇਲ ਸਿੰਘ ਨੇ ਆਮ ਬੰਦੇ ਨਾਲ ਸੰਬੰਧਤ ਸਾਹਿਤ ਦੇ ਪ੍ਰਯੋਜਨ ਦਾ ਜਿਕਰ ਕਰਦਿਆਂ ਨਿੱਕੀ ਕਹਾਣੀ ਉੱਪਰ ਹੋਈ ਇਸ ਸਾਰੀ ਚਰਚਾ ਨੂੰ ਅੱਜ ਦੇ ਪ੍ਰਸੰਗ ’ਚ ਹੋਰ ਵੀ ਮਹੱਤਵਪੂਰਨ ਦੱਸਦਿਆਂ ਇਸ ਆਨਲਾਈਨ ਚਰਚਾ ’ਚ ਹਾਜਰ ਵਕਤਿਆਂ ਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।