ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਮਾਤਾ ਸੁੰਦਰੀ ਕਾਲਜ ਫਾਰ ਵਿਮੈਨ, ਦਿੱਲੀ ਯੂਨੀਵਰਸਿਟੀ ਇੰਟਰਨਲ ਕੁਆਲਿਟੀ ਐਸ਼ੋਰੰਸ ਸੈੱਲ, ਹਿੰਦੀ ਵਿਭਾਗ ਅਤੇ ਸਿੱਖਿਆ ਸੰਸਕ੍ਰਿਤੀ ਵਿਕਾਸ ਟਰੱਸਟ, ਦਿੱਲੀ ਦੇ ਸਾਂਝੇ ਉੱਦਮ ਸਦਕਾ ਹਿੰਦੀ ਦਿਵਸ ਮੌਕੇ ਕਾਲਜ ਦੇ ਮਾਤਾ ਗੁਜਰੀ ਹਾਲ ਵਿੱਚ ‘ਭਾਰਤੀ ਭਾਸ਼ਾਵਾਂ ਦੀ ਇਕਸਾਰਤਾ ਵਿੱਚ ਹਿੰਦੀ ਦੀ ਭੂਮਿਕਾ’ ਵਿਸ਼ੇ ’ਤੇ ਇਕ ਰੋਜਾ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ’ਚ ਦੇਸ਼ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਦਾ ਆਰੰਭ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਮੁੱਖ ਮਹਿਮਾਨ ਡਾ. ਅਤਿਥੀ ਕੋਠਾਰੀ, ਪ੍ਰੋ. ਕੁਮੁਦ ਸ਼ਰਮਾ, ਡਾ. ਨੀਲਮ ਰਾਠੀ, ਡਾ. ਲੋਕੇਸ਼ ਗੁਪਤਾ ਤੇ ਵਿਭਾਗ ਦੇ ਮੁਖੀ ਡਾ. ਪੂਰਨ ਸ਼ਰਮਾ ਨੇ ਸ਼ਮਾਂ ਰੋਸ਼ਨ ਕਰ ਕੇ ਕੀਤਾ। ਉਪਰੰਤ ਵਿਦਿਆਰਥਣਾਂ ਵੱਲੋਂ ਕਾਲਜ ਪ੍ਰਾਰਥਨਾ ਦਾ ਗਾਇਨ ਕੀਤਾ ਗਿਆ।
ਇਸ ਮਗਰੋਂ ਵਿਭਾਗ ਦੇ ਮੁਖੀ ਡਾ. ਪੂਨਮ ਸ਼ਰਮਾ ਨੇ ਗੁਰੂ-ਵਿਦਿਆਰਥੀ ਪਰੰਪਰਾ ਦੇ ਮਹੱਤਵ ਅਤੇ ਹਿੰਦੀ ਨੂੰ ਭਾਰਤੀ ਅਸਮਿਤਾ ਅਤੇ ਸਭਿਆਚਾਰਕ ਵਿਰਾਸਤ ਦੀ ਝੰਡਾ-ਬਰਦਾਰ ਦੱਸਦੇ ਹੋਏ ਕਾਲਜ ਪ੍ਰਿੰਸੀਪਲ ਨੂੰ ਮੁੱਖ ਮਹਿਮਾਨਾਂ ਦਾ ਸਵਾਗਤ ਕਰਨ ਲਈ ਸੱਦਿਆ। ਸਾਰੇ ਬੁਲਾਰਿਆਂ ਨੇ ਇਕ ਸੁਰ ਵਿੱਚ ਭਾਰਤੀ ਭਾਸ਼ਾਵਾਂ ਦੀ ਇਕਸਾਰਤਾ ’ਚ ਹਿੰਦੀ ਦੇ ਮੈਤਰੀ ਭਾਵ ਨੂੰ ਸਵੀਕਾਰ ਕੀਤਾ। ਪ੍ਰੋ. ਕੁਮੁਦ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਭਾਸ਼ਾਵਾਂ ਦੀ ਰੂਪ ਸੰਰਚਨਾ ਵੱਖ ਹੋ ਸਕਦੀ ਹੈ, ਲਿਪੀ ਵੱਖ ਹੋ ਸਕਦੀ ਪਰ ਸਾਰੀਆਂ ਭਾਸ਼ਾਵਾਂ ਦੀ ਸਮਾਜਿਕ ਅਤੇ ਨਸਲੀ ਚੇਤਨਾ ਇਕ ਹੈ ਪ੍ਰੰਤੂ ਵਿਹਾਰਕ ਪੱਧਰ ’ਤੇ ਭਾਸ਼ਾਵਾਂ ਦੀ ਏਕਤਾ ਦੇ ਬਾਵਜੂਦ ਹਿੰਦੀ ਵਾਰ-ਵਾਰ ਰਾਜਨੀਤਕ ਹਥਿਆਰ ਦੀ ਤਰ੍ਹਾਂ ਵਰਤੀ ਜਾ ਰਹੀ ਹੈ। ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਡਾ. ਅਤੁਲ ਕੋਠਾਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਹਿੰਦੀ ਵਿੱਚ ਦਸਤਖ਼ਤ ਕਰਨ ਦੀ ਅਪੀਲ ਕੀਤੀ। ਡਾ. ਹਰਪ੍ਰੀਤ ਕੌਰ ਨੇ ਪੰਜਾਬੀ ਤੋਂ ਹਿੰਦੀ ਦੀ ਭਾਸ਼ਕ ਏਕਤਾ ਦੇ ਵਿਸਤਾਰ ਨੂੰ ਪ੍ਰਗਟ ਕੀਤਾ।