ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ ਦੇ ਯਤਨਾਂ ਸਦਕਾ ਰੋਹਿਣੀ ਖੇਤਰ ਵਿੱਚ ਪੰਥਕ ਇਕਜੁਟਤਾ ਕੀਤੀ ਗਈ। ਇਸ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਕੰਵਲਜੀਤ ਸਿੰਘ ਅਜਰਾਣਾ (ਬੁਲਾਰੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ), ਬੀਬੀ ਰਵਿੰਦਰ ਕੌਰ (ਮਹਿਲਾ ਵਿੰਗ ਪ੍ਰਧਾਨ ਹਰਿਆਣਾ ਸਟੇਟ ਸ਼੍ਰੋਮਣੀ ਅਕਾਲੀ ਦਲ) ਸਮੇਤ ਹੋਰਨਾਂ ਆਗੂਆਂ ਨੇ ਪੁੱਜ ਕੇ ਆਪਣੇ ਵਿਚਾਰ ਰੱਖੇ। ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਿਰਸਾ ਵੱਲੋਂ ਬੀਤੇ ਸਮੇਂ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਕਾਲ ਵਿਚ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ, ਅਕਾਲੀ ਦਲ ਦੀ ਸਮੁੱਚੀ ਟੀਮ ਨੇ ਸੇਵਾ ਨਿਭਾਈ ਉਸ ਦੇ ਚਲਦੇ ਸੰਸਾਰ ਭਰ ਵਿਚ ਸਿੱਖ ਕੌਮ ਦਾ ਮਾਣ ਅਤੇ ਸਤਿਕਾਰ ਕਾਫ਼ੀ ਵਧਿਆ ਹੈ। ਵਿਦੇਸ਼ਾਂ ਵਿਚ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਸੇਵਾ ਦੀ ਚਰਚਾ ਹੈ। ਬਾਲਾ ਪ੍ਰੀਤਮ ਦਵਾਖਾਨਾ, ਸਿਵਲ ਸੇਵਾ ਅਕਾਦਮੀ ਸਮੇਤ ਹੋਰਨਾਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਸਿਰਸਾ ਨੇ ਕਿਹਾ ਕਿ ਸਾਡਾ ਮਕਸਦ ਕੇਵਲ ਮਾਨਵਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਵਜੀਤ ਸਿੰਘ ਵਿਰਕ ਨੇ ਵੀ ਕਰੋਨਾ ਕਾਲ ਦੌਰਾਨ ਰੋਹਿਣੀ ਅਤੇ ਹੋਰਨਾਂ ਖੇਤਰਾਂ ਵਿਚ ਲੋੜਵੰਦਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ ਨੇ ਭਰੋਸਾ ਦਿਵਾਇਆ ਕਿ ਉਹ ਮਾਨਵਤਾ ਦੀ ਸੇਵਾ ਲਈ ਆਪਣੀ ਸੇਵਾਵਾਂ ਲਗਾਤਾਰ ਜਾਰੀ ਰੱਖਣਗੇ। ਇਸ ਮੌਕੇ ਦਿੱਲੀ ਕਮੇਟੀ ਦੇ ਲੀਗਲ ਸੈੱਲ ਚੇਅਰਮੈਨ ਜਗਦੀਪ ਸਿੰਘ ਕਾਹਲੋਂ , ਜਸਪ੍ਰੀਤ ਸਿੰਘ ਵਿੱਕੀ ਮਾਨ, ਜੇਪੀ ਸਿੰਘ, ਐੱਸਐੱਸ ਵਾਲੀਆ, ਸੁਖਦੀਪ ਸਿੰਘ, ਐਨੱਐੱਸ ਵਿਰਕ, ਦਿਲਬਾਗ ਸਿੰਘ, ਸੁਖਬੀਰ ਸਿੰਘ, ਪ੍ਰਗਟ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਕੁਲਜੀਤ ਸਿੰਘ, ਪਰਵਿੰਦਰ ਸਿੰਘ ਸਮੇਤ ਹੋਰ ਮੌਜੂਦ ਰਹੇ।