ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਬੇਰੁਜ਼ਗਾਰੀ ਨੂੰ ਕੌਮੀ ਬਹਿਸ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਾ ਹਲਕਾ ਬੋਲ ਦੇ ਸੰਸਥਾਪਕ ਅਨੁਪਮ ਨੇ ਅੱਜ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਆਸ ਗੁਆ ਚੁੱਕੇ ਨੌਜਵਾਨ ਹੁਣ ਆਪਣੀ ਲੜਾਈ ਖੁਦ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਹੁਣ ਬੇਰੁਜ਼ਗਾਰ ਨੌਜਵਾਨਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਆਪਣੇ ਸਿਆਸੀ ਅੰਦੋਲਨ ਦੀ ਅਗਵਾਈ ਖੁਦ ਕਰਨਗੇ। ਇਸ ਸਮਝ ਦੇ ਤਹਿਤ ਅਨੁਪਮ ਨੇ ਨੌਜਵਾਨ ਲੀਡਰਸ਼ਿਪ ਨੂੰ ਲੱਭਣ ਅਤੇ ਪਾਲਣ ਪੋਸ਼ਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਉਦੇਸ਼ ਹੈ ਕਿ 2024 ਤੱਕ ਨੌਜਵਾਨਾਂ ਦੀ ਅਜਿਹੀ ਫੌਜ ਤਿਆਰ ਹੋਵੇ ਜੋ ਦੇਸ਼ ਨੂੰ ਬਚਾਉਣ ਲਈ ਪੂਰੀ ਤਾਕਤ ਨਾਲ ਦੇਸ਼ ਨੂੰ ਵੇਚਣ ਵਾਲਿਆਂ ਵਿਰੁੱਧ ਲੜ ਸਕੇ। ਇਸ ਲੀਡਰਸ਼ਿਪ ਪ੍ਰੋਗਰਾਮ ਰਾਹੀਂ ‘ਪੜ੍ਹਾਈ ਅਰਨਿੰਗ ਮੈਡੀਸਨ’ ਵਰਗੇ ਮੁੱਦਿਆਂ ‘ਤੇ ਲੜ ਰਹੇ ਨੌਜਵਾਨਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਇੱਕ ਰਾਸ਼ਟਰੀ ਮੰਚ ਮਿਲੇਗਾ।
ਅਨੁਪਮ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਨੇ ਕੌਮੀ ਤਬਾਹੀ ਦਾ ਰੂਪ ਧਾਰਨ ਕਰ ਲਿਆ ਹੈ। ਇਸ ਅਸੁਰੱਖਿਆ ਦੀ ਭਾਵਨਾ ਕਾਰਨ ਨੌਜਵਾਨ ਮਾਨਸਿਕ ਤਣਾਅ ਵਿੱਚ ਜਾ ਰਿਹਾ ਹੈ, ਪਰ ਸਰਕਾਰ ਇਸ ਚਿੰਤਾਜਨਕ ਸਥਿਤੀ ਨੂੰ ਠੀਕ ਕਰਨ ਦੀ ਬਜਾਏ ਦੇਸ਼ ਨੂੰ ਵੇਚਣ ਲਈ ਤਿਆਰ ਹੈ। ਬੇਰੁਜ਼ਗਾਰੀ ਦਾ ਹੱਲ ਲੱਭਣਾ ਤਾਂ ਦੂਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਇਹ ਮੰਨਣ ਨੂੰ ਵੀ ਤਿਆਰ ਨਹੀਂ ਕਿ ਸਥਿਤੀ ਇੰਨੀ ਵਿਸਫੋਟਕ ਹੈ। ਅਜਿਹੀ ਸਥਿਤੀ ਵਿੱਚ ਨੌਜਵਾਨਾਂ ਦੇ ਇੱਕ ਵੱਡੇ ਵਰਗ ਵਿੱਚ ਅਜਿਹੀ ਨਿਰਾਸ਼ਾ ਹੈ ਕਿ ਉਹ ਖੁਦਕੁਸ਼ੀ ਨੂੰ ਆਖਰੀ ਵਿਕਲਪ ਵਜੋਂ ਦੇਖਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਲੜਾਈ ਨੂੰ ਅੱਗੇ ਲਿਜਾਣ ਅਤੇ ਮਜ਼ਬੂਤ ਕਰਨ ਲਈ ਲੀਡਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਲੀਡਰਸ਼ਿਪ ਪ੍ਰੋਗਰਾਮ ਲਈ ਬਿਨੈ-ਪੱਤਰ ਭਰਨਾ ਹੋਵੇਗਾ ਜੋ ‘ਯੁਵਾ ਹਲਕਾ ਬੋਲ’ ਦੇ ਸਾਰੇ ਸੋਸ਼ਲ ਮੀਡੀਆ ਚੈਨਲਾਂ ‘ਤੇ ਉਪਲਬਧ ਹੋਵੇਗਾ।