ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ (ਏਮਜ਼) ਦੇ ਰਿਹਾਇਸ਼ੀ ਡਾਕਟਰਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ (ਆਈਆਈਟੀ ਦਿੱਲੀ) ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਹਸਪਤਾਲ ਵਿੱਚ ਕੋਵਿਡ-19 ਮਰੀਜ਼ਾਂ ਦਾ ਪਤਾ ਲਗਾਉਣ ਲਈ ਇਕ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ ਜੋ ਪਲਾਜ਼ਮਾ ਦਾਨ ਕਰਨ ਵਾਲਿਆਂ ਅਤੇ ਲੋੜਬੰਦਾਂ ਲਈ ਲਾਭਕਾਰੀ ਹੋਵੇਗੀ। ਏਮਜ਼ ਦੇ ਆਰਡੀਏ ਦੇ ਪ੍ਰਧਾਨ ਡਾ. ਆਦਰਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ‘ਕੌਪਲ -19’ ਐਪ ’ਚ ਉਨ੍ਹਾਂ ਮਰੀਜ਼ਾਂ ਦਾ ਵੇਰਵਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਏਮਜ਼ ਤੋਂ ਛੁੱਟੀ ਦਿੱਤੀ ਗਈ ਹੈ, ਜਿਨ੍ਹਾਂ ਦਾ ਇਸ ਵੇਲੇ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੇ ਖੂਨ ਦੇ ਗਰੁੱਪ ਦੇ ਪਲਾਜ਼ਮਾ ਥੈਰੇਪੀ ਦੀ ਜ਼ਰੂਰਤ ਵਾਲੇ ਮਰੀਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਖੂਨ ਨੂੰ ਸਮੇਂ ਸਿਰ ਪ੍ਰਾਪਤ ਕਰ ਸਕਣ। ਪਲਾਜ਼ਮਾ ਥੈਰੇਪੀ ਲਈ ਦਾਨੀਆਂ ਦੀ ਘਾਟ ਦੇ ਬਾਵਜੂਦ ਏਮਜ਼ ਰੈਜ਼ੀਡੈਂਟ ਡਾਕਟਰਾਂ ਦੀ ਟੀਮ ਤੇ ਆਈਆਈਟੀ-ਦਿੱਲੀ ਦੀ ਟੀਮ ਨੇ ਕੋਵਿਡ -19 ਡਿਸਚਾਰਜ ਹੋਏ ਮਰੀਜ਼ਾਂ ਤੇ ਪਲਾਜ਼ਮਾ ਦਾਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦਰਮਿਆਨ ਮੇਲ-ਜੋਲ ਨੂੰ ਠੀਕ ਕਰਨ ਲਈ ਇੱਕ ਐਪ ਵਿਕਸਤ ਕੀਤੀ ਹੈ। ਇਹ ਡਾ. ਅਭਿਨਵ ਸਿੰਘ ਵਰਮਾ ਤੇ ਆਈਆਈਟੀ ਦਿੱਲੀ ਦੇ ਵਿਦਿਆਰਥੀਆਂ ਦੀ ਪਹਿਲ ਹੈ। ਇਹ ਐਪ ਡਾਕਟਰ ਦਿਵਸ ਦੇ ਮੌਕੇ ‘ਤੇ ਹਸਪਤਾਲ ‘ਚ ਲਾਂਚ ਕੀਤੀ ਗਈ। ਏਮਜ਼ ਦੇ ਨਿਊਰੋ ਸਰਜਰੀ ਵਿਭਾਗ ਦੇ ਡਾਕਟਰ ਡਾ. ਵਰਮਾ ਨੇ ਕਿਹਾ ਕਿ ਇਕ ਓਪਨ ਸੋਰਸ ਕੋਡ ਐਪ ਹੋਵੇਗੀ ਜਿਸ ਦੀ ਦੂਸਰੀ ਸੰਸਥਾ ਦੇ ਲੋਕ ਆਪਣੇ ਹਸਪਤਾਲਾਂ ਵਿੱਚ ਵਰਤੋਂ ਕਰ ਸਕਦੇ ਹਨ। ਡਾ. ਵਰਮਾ ਨੇ ਦੱਸਿਆ ਕਿ ਇਹ ਐਪ ਪਲਾਜ਼ਮਾ ਥੈਰੇਪੀ ਦੀ ਮੰਗ ਕਰਨ ਵਾਲੇ ਮਰੀਜ਼ਾਂ ਦਰਮਿਆਨ ਇੱਕ ਪੁਲ ਦਾ ਕੰਮ ਕਰੇਗੀ। ਏਮਜ਼ ਬਲੱਡ ਬੈਂਕ ਨੂੰ ਵੀ ‘ਬੈਕ-ਐਂਡ’ ਨਾਲ ਜੋੜਿਆ ਗਿਆ ਹੈ।