ਨਵੀਂ ਦਿੱਲੀ, 30 ਜੂਨ
ਪੂਰਬੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਨੇਮਾਂ ਦੀ ਉਲੰਘਣਾ ਕੀਤੇ ਜਾਣ ’ਤੇ ਲਕਸ਼ਮੀ ਨਗਰ ਮੁੱਖ ਬਾਜ਼ਾਰ ਸਣੇ ਕੁਝ ਨੇੜਲੇ ਬਾਜ਼ਾਰਾਂ ਨੂੰ ਪੰਜ ਜੁਲਾਈ ਤੱਕ ਬੰਦ ਕਰ ਦਿੱਤਾ ਹੈ। ਇਸ ਸਬੰਧੀ ਅੱਜ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਪੂਰਬ ਜ਼ਿਲ੍ਹਾ) ਦੀ ਪ੍ਰਧਾਨ ਸੋਨੀਆ ਸਿੰਘ ਨੇ ਮੰਗਲਵਾਰ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਕਿ ਲਕਸ਼ਮੀ ਨਗਰ ਵਿੱਚ ਬਾਜ਼ਾਰ ਸੰਘ ਤੇ ਮੁੱਖ ਬਾਜ਼ਾਰ ਦੇ ਦੁਕਾਨਦਾਰ ਦੁਕਾਨਾਂ ਵਿੱਚ ਵੱਡੀ ਗਿਣਤੀ ਲੋਕਾਂ ਦੇ ਆਉਣ ਕਾਰਨ ਬੀਤੇ ਐਤਵਾਰ ਨੂੰ ਕੋਵਿਡ ਸਬੰਧੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ ਹਨ। ਹੁਕਮਾਂ ਵਿੱਚ ਕਿਹਾ ਗਿਆ ਕਿ ਲਕਸ਼ਣੀ ਨਗਰ ਦੇ ਮੁੱਖ ਬਾਜ਼ਾਰਾਂ ਵਿੱਚ ਕੋਵਿਡ-19 ਸਬੰਧੀ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਕਾਰਨ ਤੇਜ਼ੀ ਨਾਲ ਕਰੋਨਾਵਾਇਰਸ ਫੈਲਣ ਦਾ ਖਤਰਾ ਹੈ। ਲਕਸ਼ਮੀ ਨਗਰ ਮੁੱਖ ਬਾਜ਼ਾਰ ਦਾ ਬਾਜ਼ਾਰ ਕਲਿਆਣ ਸੰਘ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਵਿੱਚ ਨਾਕਾਮ ਸਾਬਤ ਹੋਇਆ ਹੈ। ਇਸ ਵਿੱਚ ਕਿਹਾ ਗਿਆ ਕਿ ਜਨਤਾ ਦੇ ਹਿੱਤ ਵਿੱਚ ਵਾਇਰਸ ਦੀ ਰੋਕਥਾਮ ਲਈ ਐਮਰਜੈਂਸੀ ਤੇ ਸਖਤ ਕਦਮ ਚੁੱਕਣ ਦੀ ਲੋੜ ਹੈ। ਜੋ ਬਾਜ਼ਾਰ ਜੁਲਾਈ ਤੱਕ ਬੰਦ ਰਹਿਣਗੇ। ਉਨ੍ਹਾਂ ਵਿੱਚ ਵਿਕਾਸ ਮਾਰਗ ਤੋਂ ਲੈ ਕੇ ਕਿਸਾਨ ਕੁੰਜ ਵਿੱਚ ਲਵਲੀ ਪਵਲਿਕ ਸਕੂਲ ਤੱਕ ਲਕਸ਼ਮੀ ਨਗਰ ਮੁੱਖ ਬਾਜ਼ਾਰ ਤੇ ਮੰਗਲ ਬਾਜ਼ਾਰ, ਵਿਜੈ ਚੌਕ, ਸੁਭਾਸ਼ ਚੌਕ, ਜਗਤਰਾਮ ਪਾਰਕ, ਗੁਰੂ ਰਾਮਦਾਸ ਨਗਰ ਸਣੇ ਨੇੜਲੇ ਬਾਜ਼ਾਰ ਸ਼ਾਮਲ ਹਨ। ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਖੋਲ੍ਹਣ ’ਤੇ ਪਾਬੰਦੀ ਰਹੇਗੀ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 19 ਅਪਰੈਲ ਤੋਂ 30 ਮਈ ਤੱਕ ਲੌਕਡਾਇਨ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋਈ, ਪਰ ਬਾਜ਼ਾਰਾਂ ਨੂੰ ਸੱਤ ਜੂਨ ਤੋਂ ਹੀ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ। -ਪੀਟੀਆਈ