ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ’ਤੇ 10 ਅਕਤੂਬਰ ਨੂੰ ਲਖੀਮਪੁਰ ਕਤਲੇਆਮ ਦਾ ਵਿਰੋਧ ਕਰ ਰਹੀਆਂ ਦੋ ਮਹਿਲਾ ਏਆਈਐਸਏ ਕਾਰਕੁਨਾਂ ’ਤੇ ਕੀਤੀ ਗਈ ਹਿੰਸਾ ਤੇ ਜਿਨਸੀ ਸ਼ੋਸ਼ਣ ਵਿਰੁੱਧ ਵਿਦਿਆਰਥੀਆਂ, ਮਹਿਲਾ ਸੰਗਠਨਾਂ ਤੇ ਦਿੱਲੀ ਦੇ ਨਾਗਰਿਕਾਂ ਨੇ ਅਸ਼ੋਕਾ ਰੋਡ ਸਥਿਤ ਦਿੱਲੀ ਪੁਲੀਸ ਹੈੱਡਕੁਆਰਟਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਏਸੀਪੀ ਪ੍ਰੱਗਿਆ ਆਨੰਦ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਪੁਲੀਸ ਹੈੱਡਕੁਆਰਟਰ ’ਤੇ ਇਕੱਠੇ ਹੋ ਕੇ ਦਿੱਲੀ ਪੁਲੀਸ ਦੇ ਅਣਮਨੁੱਖੀ ਸੁਭਾਅ ਦੇ ਵਿਰੁੱਧ ਨਾਅਰੇ ਲਗਾਏ, ਕਾਰਜਪ੍ਰਣਾਲੀ ਦੀ ਸਪੱਸ਼ਟ ਅਣਦੇਖੀ ਤੇ ਏਸੀਪੀ ਚਾਣਕਯਪੁਰੀ, ਪ੍ਰਗਿਆ ਆਨੰਦ ਦੀਆਂ ਕਾਰਵਾਈਆਂ ’ਤੇ ਸਵਾਲ ਉਠਾਏ। ਉਨ੍ਹਾਂ ‘ਏਸੀਪੀ ਪ੍ਰੱਗਿਆ ਆਨੰਦ ਨੂੰ ਮੁਅੱਤਲ ਕਰੋ! ਸਾਰੇ ਸ਼ਾਮਲ ਕਰਮਚਾਰੀਆਂ ’ਤੇ ਤੁਰੰਤ ਕਾਰਵਾਈ ਕਰੋ’, ‘ਕਿਸਾਨ ਵਿਰੋਧੀ ਕਾਨੂੰਨ ਰੱਦ ਕਰੋ! ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਕੱਢੋ!’ ਦੇ ਨਾਅਰੇ ਵੀ ਲਾਏ।
ਰੋਸ ਪ੍ਰਦਰਸ਼ਨ ਵਿੱਚ ‘ਏਆਈਐਸਏ’ ਦਿੱਲੀ ਦੀ ਸੂਬਾ ਸਕੱਤਰ ਨੇਹਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਇਸ ਤਰ੍ਹਾਂ ਦੀ ਹਿੰਸਾ ਹੋ ਰਹੀ ਹੈ ਜਦੋਂਕਿ ਅਜੈ ਮਿਸ਼ਰਾ ਆਜ਼ਾਦ ਘੁੰਮਦੇ ਹਨ, ਇਹ ਭਾਜਪਾ ਸਰਕਾਰ ਤੇ ਦਿੱਲੀ ਪੁਲੀਸ ਦੇ ਸੁਭਾਅ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਜਾਮੀਆ ਵਿੱਚ ਦੇਖ ਚੁੱਕੇ ਹਨ। ਜੇਐਨਯੂ, ਸ਼ਾਹੀਨ ਬਾਗ਼ ਤੇ ਡੀਯੂ ਵਿੱਚ ਵੀ ਦਿੱਲੀ ਪੁਲੀਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ ’ਤੇ ਸਰੀਰਕ ਹਿੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਚੁਣੌਤੀ ਦਿੰਦੇ ਹੋਏ ਉਹ ਹਰ ਵਾਰ ਇਸ ਦਾ ਵਿਰੋਧ ਕਰਨ ਲਈ ਤਿਆਰ ਰਹਿਣਗੇ।
ਏਆਈਪੀਡਬਲਯੂਏ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਨੇ ਕਿਹਾ, ‘ਪੁਲੀਸ ਉੱਤਰ ਪੂਰਬ, ਆਦਿਵਾਸੀ ਖੇਤਰਾਂ, ਕਸ਼ਮੀਰ ਵਿੱਚ ਕਿਉਂ ਨਹੀਂ ਕੁਝ ਕਰਦੀ, ਅਮਿਤ ਸ਼ਾਹ ਦੇ ਅਧੀਨ ਦਿੱਲੀ ਵਿੱਚ ਕੀ ਕਰ ਰਹੀ ਹੈ, ਐਚਐਮ ਦੇ ਘਰ ਦੇ ਬਿਲਕੁਲ ਸਾਹਮਣੇ!” ਏਆਈਐਸਏ ਕਾਰਕੁਨਾਂ ਸ਼੍ਰੇਆ ਅਤੇ ਨੇਹਾ ਤਿਵਾੜੀ ਨੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਬੋਲਦਿਆਂ ਦਿੱਲੀ ਪੁਲੀਸ ਦੇ ਵਿਵਹਾਰ ਨੂੰ ਉਜਾਗਰ ਕੀਤਾ। ਸ਼੍ਰੇਆ, ਕਵਿਤਾ ਕ੍ਰਿਸ਼ਨਨ, ਮਰੀਅਮ, ਐਨੀ ਰਾਜਾ ’ਤੇ ਆਧਾਰਿਤ ਵਫ਼ਦ ਨੇ ਦਿੱਲੀ ਪੁਲੀਸ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ। ਵਫ਼ਦ ਨੂੰ ਇਹ ਪੱਕਾ ਕੀਤਾ ਗਿਆ ਕਿ ਮਾਮਲੇ ਦੀ ਸੁਤੰਤਰ ਜਾਂਚ ਕੀਤੀ ਜਾਵੇਗੀ।