ਕੁਲਦੀਪ ਸਿੰਘ
ਨਵੀਂ ਦਿੱਲੀ, 10 ਮਾਰਚ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ, ਮਹਿਰੌਲੀ ਦਿੱਲੀ ਵਿੱਚ ਗੁਰਦੁਆਰਾ ਸਾਹਿਬ, ਲੰਗਰ ਹਾਲ, ਪ੍ਰਬੰਧਕੀ ਅਤੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਸੇਵਾ ਪੰਜ ਪਿਆਰਿਆਂ ਭਾਈ ਮਹਿੰਦਰ ਸਿੰਘ ਓ.ਬੀ.ਈ. (ਆਰਡਰ ਆਫ਼ ਬ੍ਰਿਟਿਸ਼ ਇੰਪਾਇਰ) ਕੇ.ਐੱਸ.ਜੀ. (ਨਾਈਟਹੁੱਡ ਸੇਂਟ ਗਰੈਗਰੀ), ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ.ਕੇ., ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਭਾਈ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੇ ਹਰਮੀਤ ਸਿੰਘ ਕਾਲਕਾ (ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਨਿਭਾਈ। ਇਸ ਮੌਕੇ ਦਿੱਲੀ ਵਿੱਦਿਆ ਕੇਂਦਰ ਦੇ ਸੇਵਕ, ਸਟਾਫ਼, ਵਿਦਿਆਰਥੀ ਤੋਂ ਇਲਾਵਾ ਸੁਖਦੇਵ ਸਿੰਘ ਸੰਗਤਪੁਰੀ, ਹਰਦੇਵ ਸਿੰਘ ਸੰਗਤਪੁਰੀ, ਪਦਮਭੂਸ਼ਨ ਤਰਲੋਚਨ ਸਿੰਘ, ਸੰਦੀਪ ਸਿੰਘ ਕਪੂਰ, ਹਰਬੰਸ ਸਿੰਘ ਮੇਕਰ, ਸ਼ਿਵਖੇੜਾ, ਰੁਪਿੰਦਰ ਸਿੰਘ, ਹਰਬੰਸ ਸਿੰਘ ਮੇਕਰ, ਜਸਬੀਰ ਸਿੰਘ ਮਦਾਨ, ਜਤਿੰਦਰ ਸਿੰਘ, ਹਰਿੰਦਰਪਾਲ ਸਿੰਘ ਚਾਵਲਾ, ਹਰਬੰਸ ਸਿੰਘ ਜੋਧਕਾ, ਪ੍ਰਿਤਪਾਲ ਸਿੰਘ ਬਖਸ਼ੀ, ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ ਆਦਿ ਨੇ ਹਾਜ਼ਰੀ ਭਰੀ। ਸਮਾਗਮ ਦੀ ਆਰੰਭਤਾ ਰਵਾਇਤੀ ਤੰਤੀ ਸਾਜਾਂ ਤੇ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਟੱਕ ਲਾਉਣ ਦੀ ਅਰਦਾਸ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਕੀਤੀ। ਵਿਦਿਆ ਕੇਂਦਰ ਦੇ ਚੇਅਰਮੈਨ ਹਰਚਰਨ ਸਿੰਘ ਨਾਗ, ਜਨਰਲ ਮੈਨੇਜਰ ਬੀਬੀ ਜਸਲੀਨ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਖੁੱਲ੍ਹਾ ਅਤੇ ਏ.ਸੀ. ਗੁਰਦੁਆਰਾ ਸਾਹਿਬ, ਲੰਗਰ ਹਾਲ ਬਣੇਗਾ ਜਿਸ ਨਾਲ ਹਾਈਜੈਨਿਕ ਰਸੋਈ ਵੀ ਹੋਵੇਗੀ। ਵਿਦਿਆਰਥੀਆਂ ਲਈ ਆਧੁਨਿਕ ਤਕਨੀਕਾਂ ਨਾਲ ਲੈਸ ਡਿਜੀਟਲ ਕਲਾਸ ਰੂਮ, ਕੰਪਿਊਟਰ ਲੈਬ, ਨੈਟ ਉਪਲਬਧ ਲਾਇਬ੍ਰੇਰੀ ਅਤੇ ਪ੍ਰਬੰਧਕੀ ਬਲਾਕ ਦੀ ਉਸਾਰੀ ਵੀ ਕੀਤੀ ਜਾਵੇਗੀ।