ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਨਿਗਰ ਨਿਗਮ ਦੀਆਂ ਡਿਸਪੈਂਸਰੀਆਂ ਤੇ ਹਸਪਤਾਲਾਂ ਨੂੰ ਐਂਟੀ-ਰੇਬੀਜ਼ ਟੀਕਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਦਿੱਲੀ ਨਗਰ ਨਿਗਮ (ਐੱਮਸੀਡੀ) ਦੀਆਂ ਡਿਸਪੈਂਸਰੀਆਂ ਤੇ ਹਸਪਤਾਲਾਂ ਵਿੱਚ ਐਂਟੀ-ਰੇਬੀਜ਼ ਵੈਕਸੀਨ ਦੇ ਭੰਡਾਰ ਘੱਟ ਚੱਲ ਰਹੇ ਹਨ। ਵਿਭਾਗ ਕੋਲ ਇਸ ਸਮੇਂ 5,000 ਖੁਰਾਕਾਂ ਬਚੀਆਂ ਹਨ, ਹਾਲਾਂਕਿ ਹੋਰ ਟੀਕਿਆਂ ਦੀ ਖਰੀਦ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਨਗਰ ਨਿਗਮ ਅਨੁਸਾਰ ਵਿਭਾਗਾਂ ਕੋਲ ਵੈਕਸੀਨ ਦੀਆਂ ਸਿਰਫ਼ 5,000 ਖੁਰਾਕਾਂ ਹੀ ਬਚੀਆਂ ਹਨ। ਐੱਮਸੀਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਛੇਤੀ ਹੀ ਐਂਟੀ-ਰੇਬੀਜ਼ ਵੈਕਸੀਨ ਦੀ ਖਰੀਦ ਕੀਤੀ ਜਾਵੇਗੀ ਅਤੇ ਐਂਟੀ-ਰੇਬੀਜ਼ ਵੈਕਸੀਨ ਦੀਆਂ 30,000 ਖੁਰਾਕਾਂ ਦੀ ਖਰੀਦ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਸਾਲ ਹੁਣ ਤੱਕ ਕੌਮੀ ਰਾਜਧਾਨੀ ਵਿੱਚ ਕੁੱਤਿਆਂ ਦੇ ਵੱਢਣ ਦੇ 13,000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਘਟਨਾਵਾਂ ਗੰਭੀਰ ਕਿਸਮ ਦੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਸਾਲ ਅਪਰੈਲ ਤੇ ਜੁਲਾਈ ’ਚ ਵੈਟਰਨਰੀ ਵਿਭਾਗ ਨੇ 2,392 ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਕੁੱਤਿਆਂ ਦੀ ਆਬਾਦੀ ‘ਤੇ ਡੇਟਾਬੇਸ ਰੱਖਣ ਲਈ ਕੋਈ ਰਾਜ-ਵਿਆਪੀ ਸਰਵੇਖਣ ਨਹੀਂ ਕੀਤਾ ਗਿਆ ਹੈ। ਆਖਰੀ ਕੁੱਤਿਆਂ ਦੀ ਜਨਗਣਨਾ 2009 ਵਿੱਚ ਕਰਵਾਈ ਗਈ ਸੀ, ਜਿਸ ਵਿੱਚ ਦਿੱਲੀ ਵਿੱਚ ਕੁੱਲ 5.6 ਲੱਖ ਕੁੱਤਿਆਂ ਦੀ ਗਿਣਤੀ ਦਰਜ ਕੀਤੀ ਗਈ ਸੀ।
ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ‘ਚ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਦੀ ਗਿਣਤੀ ਹੌਲੀ-ਹੌਲੀ ਘੱਟ ਰਹੀ ਹੈ। 2018 ਵਿੱਚ ਨਿਗਮ ਦੀਆਂ ਡਿਸਪੈਂਸਰੀਆਂ, ਕਲੋਨੀ ਹਸਪਤਾਲਾਂ ਅਤੇ ਪੰਜ ਪ੍ਰਮੁੱਖ ਹਸਪਤਾਲਾਂ ਵਿੱਚ ਵੱਢਣ ਦੇ ਕੁੱਲ 22,542 ਕੇਸ ਦਰਜ ਕੀਤੇ ਗਏ ਸਨ। ਪਿਛਲੇ ਪੰਜ ਸਾਲਾਂ ਵਿੱਚ ਸ਼ਹਿਰ ਵਿੱਚ ਕੁੱਤਿਆਂ ਦੇ ਵੱਢਣ ਦੇ ਕਰੀਬ 82,000 ਮਾਮਲੇ ਦਰਜ ਹੋਏ ਹਨ।
‘ਐੱਮਸੀਡੀ ਐਪ 311’ ’ਤੇ ਕੁੱਤਿਆਂ ਦੀ ਨਸਬੰਦੀ ਸਬੰਧੀ ਮੌਡਿਊਲ ਤਿਆਰ
ਹੁਣ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ ਐਮਸੀਡੀ ਇੱਕ ਨਵਾਂ ਤਰੀਕਾ ਅਪਣਾਉਣ ਦੀ ਤਿਆਰੀ ਵਿੱਚ ਹੈ। ਐਮਸੀਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਿਗਮ ਨੇ ਆਪਣੀ ਮੋਬਾਈਲ ਐਪ ‘ਐਮਸੀਡੀ ਐਪ 311’ ‘ਤੇ ਕੁੱਤੇ ਦੀ ਨਸਬੰਦੀ ਮੌਡਿਊਲ ਤਿਆਰ ਕੀਤਾ ਹੈ ਜਿਸ ਵਿੱਚ ਤਸਵੀਰਾਂ ਦੇ ਨਾਲ-ਨਾਲ ਪੂਰੀ ਪ੍ਰਕਿਰਿਆ ਬਾਰੇ ਅਪਡੇਟ ਹੋਵੇਗੀ। ਇਸ ਐਪ ‘ਤੇ ਕੁੱਤਿਆਂ ਦੀਆਂ ਤਸਵੀਰਾਂ ਸਮੇਤ ਇਲਾਕੇ ਦੇ ਵੇਰਵਿਆਂ ਨੂੰ ਅਪਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਵਿਭਾਗ ਦੇ ਅਧਿਕਾਰੀ ਨਸਬੰਦੀ ਉਪਰ ਨਜ਼ਰ ਰੱਖਣਾ ਯਕੀਨੀ ਬਣਾਉਣਗੇ ਕਿ ਸਰਜਰੀ ਤੋਂ ਬਾਅਦ ਕੁੱਤਿਆਂ ਨੂੰ ਉਸੇ ਥਾਂ ‘ਤੇ ਵਾਪਸ ਛੱਡ ਦਿੱਤਾ ਗਿਆ ਹੈ ਜਿੱਥੋਂ ਉਨ੍ਹਾਂ ਨੂੰ ਚੁੱਕਿਆ ਗਿਆ ਸੀ।