ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਇੱਥੇ ਰੱਖੜੀ ਮੌਕੇ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਦੇ ਕਾਰਕੁਨਾਂ ਨੇ ਫਿਰਕੂ ਸਦਭਾਵਨਾ ਦਾ ਸੰਦੇਸ਼ ਫੈਲਾਉਂਦੇ ਹੋਏ, ਦਿੱਲੀ ਵਿੱਚ ਆਮ ਲੋਕਾਂ ਨੂੰ ਰੱਖੜੀ ਬੰਨ੍ਹੀ। ਇਹ ਸਮਾਗਮ ਪੁਰਾਣੀ ਦਿੱਲੀ ਦੇ ਜਾਮਾ ਮਸਜਿਦ ਇਲਾਕੇ ਵਿੱਚ ਕਰਵਾਇਆ ਗਿਆ। ਜਥੇਬੰਦੀ ਨੇ ਭਾਈਚਾਰਕ ਸਾਂਝ ਦੇ ਇਸ ਸੁਨੇਹੇ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੱਕ ਵੀ ਪਹੁੰਚਾਉਣ ਦਾ ਪ੍ਰਣ ਲਿਆ। ਕੇਵਾਈਐੱਸ ਦੇ ਬੁਲਾਰੇ ਮੋਹਿਤ ਨੇ ਕਿਹਾ ਕਿ ਜਥੇਬੰਦੀ ਦਾ ਮੰਨਣਾ ਹੈ ਕਿ ਦੇਸ਼ ਵਿੱਚ ਵੱਧ ਰਹੇ ਫਿਰਕੂ ਹਮਲਿਆਂ ਨੇ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਿਛਲੇ ਕੁਝ ਸਾਲਾਂ ਵਿੱਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਫਿਰਕੂ ਤਾਕਤਾਂ ਵੱਲੋਂ ਕੀਤੀਆਂ ਜਾ ਰਹੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਆਰਐੱਸਐੱਸ-ਭਾਜਪਾ ਸਰਕਾਰ ਦਾ ਖੁੱਲ੍ਹਾ ਸਮਰਥਨ ਮਿਲ ਰਿਹਾ ਹੈ। ਅਜਿਹੀ ਹਿੰਸਾ ਨੂੰ ਖਤਮ ਕਰਨ ਦੀ ਬਜਾਏ ਆਰਐੱਸਐੱਸ-ਭਾਜਪਾ ਸਰਕਾਰ ਅਤੇ ਉਸ ਨਾਲ ਸਬੰਧਤ ਜਥੇਬੰਦੀਆਂ ਫਿਰਕੂ ਹਿੰਸਾ ਨੂੰ ਭੜਕਾ ਕੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਆਪਸੀ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਆਗੂ ਨੇ ਕਿਹਾ ਕਿ ਇਸ ਸਮੇਂ ਜਦੋਂ ਦੇਸ਼ ਆਰਥਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਲੋਕ ਅਸਮਾਨੀ ਚੜ੍ਹੀ ਮਹਿੰਗਾਈ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਮੁਫਤ ਅਤੇ ਚੰਗੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਭਾਜਪਾ ਸਰਕਾਰ ਸਿਆਸੀ ਲਾਹਾ ਲੈਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਦੇਸ਼ ਅੰਦਰ ਫਿਰਕੂ ਦਹਿਸ਼ਤਗਰਦਾਂ ਨੂੰ ਖੁੱਲ੍ਹੇਆਮ ਸ਼ਹਿ ਦੇ ਰਹੀ ਹੈ।