ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਾਰਚ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਦੇ ਤਾਜ਼ਾ ਹੁਕਮ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ‘ਐੱਸਓਐੱਲ’ ਦੇ ਅੰਦਰ ਤੇ ਇਮਾਰਤ ਦੇ 200 ਮੀਟਰ ਦੇ ਨੇੜੇ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਇਹ ਹੁਕਮ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਐੱਸਓਐੱਲ ਪ੍ਰਸ਼ਾਸਨ ਕੇਵਾਈਐੱਸ ਦੀ ਅਗਵਾਈ ਵਾਲੇ ਐੱਸਓਐੱਲ ਵਿਦਿਆਰਥੀਆਂ ਦੇ ਅੰਦੋਲਨ ’ਚ ਘਿਰਿਆ ਹੋਇਆ ਹੈ। ਦੱਸਣਯੋਗ ਹੈ ਕਿ ਐੱਸਓਐੱਲ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਕੇਵਾਈਐੱਸ ਨੇ ਲਗਾਤਾਰ ਸੰਘਰਸ਼ ਰਾਹੀਂ ਵਾਰ-ਵਾਰ ਬੇਨਕਾਬ ਕੀਤਾ ਹੈ। ਸੰਗਠਨ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਖੁੱਲ੍ਹਣ ਤੋਂ ਬਾਅਦ ਕੇਵਾਈਐੱਸ ਨੇ ਐੱਸਓਐੱਲ ਪ੍ਰਸ਼ਾਸਨ ’ਤੇ ਆਫਲਾਈਨ ਕਲਾਸਾਂ ਚਲਾਉਣ ਅਤੇ ਪੂਰੀ ਪ੍ਰਿੰਟ ਕੀਤੀ ਅਧਿਐਨ ਸਮੱਗਰੀ ਦੇਣ ਲਈ ਦਬਾਅ ਪਾਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪ੍ਰਸ਼ਾਸਨ ਇਸ ਨੂੰ ਸਮਾਂਬੱਧ ਢੰਗ ਨਾਲ ਕਰਵਾਉਣ ਤੋਂ ਅਸਮਰੱਥ ਹੈ ਕਿਉਂਕਿ ਐੱਸ.ਓ.ਐੱਲ. ਵਿੱਚ ਭਾਰੀ ਭ੍ਰਿਸ਼ਟਾਚਾਰ ਹੈ। ਸੰਗਠਨ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਕੇਵਾਈਐੱਸ ਨੇ ਐੱਸਓਐੱਲ ਦੀ ਬੇਰੁਖ਼ੀ ਵਿਰੁੱਧ ਦੋ ਵਿਰੋਧ ਪ੍ਰਦਰਸ਼ਨ ਕੀਤੇ ਸਨ। ਵਿਦਿਆਰਥੀਆਂ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਐੱਸਓਐੱਲ ਪ੍ਰਸ਼ਾਸਨ ਅੰਦੋਲਨ ਤੋਂ ਡਰਦਿਆਂ ਅਜਿਹੇ ਹੁਕਮਾਂ ਨਾਲ ਵਿਦਿਆਰਥੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਵਾਈਐੱਸ ਨੇ ਕਿਹਾ ਕਿ ਬੋਲਣ ਦੇ ਪ੍ਰਗਟਾਵੇ ਦੀ ਆਜ਼ਾਦੀ ਸਾਡੇ ਜਮਹੂਰੀ ਅਤੇ ਸੰਵਿਧਾਨਕ ਅਧਿਕਾਰ ਹਨ, ਜਿਨ੍ਹਾਂ ਨੂੰ ਐੱਸ.ਓ.ਐੱਲ. ਦੇ ਕਿਸੇ ਵੀ ਗੈਰ ਕਾਨੂੰਨੀ ਹੁਕਮ ਦੁਆਰਾ ਖੋਹਿਆ ਨਹੀਂ ਜਾ ਸਕਦਾ।