ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਤਹਿਤ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਟਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰਨ ਵਾਲੀ ਕੁਲਵੀਰ ਕੌਰ ਨੂੰ 5.80 ਲੱਖ ਰੁਪਏ ਦੀ ਸਕਾਲਰਸ਼ਿਪ ਦਾ ਚੈੱਕ ਸੌਂਪਿਆ। ਇਸ ਮੌਕੇ ਸ੍ਰੀ ਸਾਹਨੀ ਨੇ ਕਿਹਾ ਕਿ ਪੰਜਾਬ ਕੋਲ ਹੁਨਰ ਦਾ ਲੁਕਿਆ ਹੋਇਆ ਖ਼ਜ਼ਾਨਾ ਹੈ। ਇਸ ਨੂੰ ਥੋੜ੍ਹਾ ਜਿਹਾ ਹੁਲਾਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਦੇ ਰੂਪ ਵਿੱਚ ਮਿਲੇ ਹੁਲਾਰੇ ਨਾਲ ਗ਼ਰੀਬ ਪਰ ਹੁਸ਼ਿਆਰ ਬੱਚੇ ਕਿਤਾਮੁਖੀ ਪੜ੍ਹਾਈ ਕਰ ਕੇ ਜ਼ਿੰਦਗੀ ਵਿਚ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਦੇ ਸੁਫ਼ਨੇ ਪੂਰੇ ਕਰਨ ਲਈ ਹਾਲ ਹੀ ਵਿੱਚ ‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਲਵੀਰ ਕੌਰ ਹੁਣ ਦੋ ਮਹੀਨਿਆਂ ਦੇ ਸਮੇਂ ਵਿੱਚ ਹੀ ਕਮਰਸ਼ੀਅਲ ਪਾਇਲਟ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਨੇੜਲੇ ਪਿੰਡ ਸਮਰ ਦੇ ਗ਼ਰੀਬ ਕਿਸਾਨ ਅਤੇ ਆਂਗਨਵਾੜੀ ਵਰਕਰ ਮਾਂ ਦੀ ਧੀ ਕੁਲਵੀਰ ਕੌਰ ਗ਼ਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਰੋਲ ਮਾਡਲ ਹੋਵੇਗੀ।
ਸ੍ਰੀ ਸਾਹਨੀ ਨੇ ਦੱਸਿਆ ਕਿ ਕੁਲਵੀਰ ਕੌਰ ਨੂੰ ਕਿਤਾਮੁਖੀ ਸਿੱਖਿਆ ਪੂਰੀ ਕਰਨ ਲਈ ਇਹ ਪਹਿਲੀ ਸਕਾਲਰਸ਼ਿਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿਹਾ ਉਸ ਨੂੰ ਇਹ ਸਕਾਲਰਸ਼ਿਪ ਹੀ ਨਹੀਂ ਸਗੋਂ ਉਸ ਦੀ ਸ਼ਖ਼ਸੀਅਤ ਉਸਾਰੀ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਲਈ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਲਵੀਰ ਕੌਰ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਜਾ ਰਹੀ ਸੀ ਪਰ ਉਨ੍ਹਾਂ ਵੱਲੋਂ ਪ੍ਰੇਰਨ ਮਗਰੋਂ ਉਸ ਨੇ ਕਮਰਸ਼ੀਅਲ ਪਾਇਲਟ ਦਾ ਇਹ ਕੋਰਸ ਭਾਰਤ ਵਿੱਚ ਹੀ ਕਰਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਪੰਜਾਬ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਦਾ ਮਨ ਬਦਲਣ। ਸਗੋਂ ਸਾਰੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਫੰਡ ਤੋਂ ਫ਼ਾਇਦਾ ਉਠਾ ਕੇ ਆਪਣਾ ਭਵਿੱਖ ਸਫ਼ਲ ਬਣਾਉਣਾ ਚਾਹੀਦਾ ਹੈ।