ਪੱਤਰ ਪ੍ਰੇਰਕ
ਨਵੀਂ ਦਿੱਲੀ 9 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਰਚੇ ਦੀ ਸਟੇਜ ’ਤੇ ਕੱਲ੍ਹ 10 ਅਗਸਤ ਨੂੰ ਸੰਯੁਕਤ ਮੋਰਚੇ ਦੇ ਸੱਦੇ ’ਤੇ ਸੰਗਰਾਮੀ ਤੀਆਂ ਮਨਾਈਆਂ ਜਾਣਗੀਆਂ ਜਿਸ ਦੀ ਅਗਵਾਈ ਕੁਲਦੀਪ ਕੌਰ ਕੁੱਸਾ ਅਤੇ ਪਰਮਜੀਤ ਕੌਰ ਕੋਟੜਾ ਕਰਨਗੇ। ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਕਿਸਾਨੀ ਸੰਘਰਸ਼ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਲੁੱਟ ਦੇ ਵਸੀਲਿਆਂ ਤੇ ਜਥੇਬੰਦੀ ਵੱਲੋਂ ਆਪਣੇ ਮੋਰਚੇ ਗੱਡ ਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਵੀ ਲਗਾਤਾਰ ਕਿਸਾਨ ਸੰਘਰਸ਼ ਦੀ ਦਾਬ ਸਦਕਾ ਸਰਕਾਰ ਨੂੰ ਘੇਰੀ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਸੰਸਦ ਦਾ ਮੌਨਸੂਨ ਸੈਸ਼ਨ ਪਿਛਲੀ 19 ਜੁਲਾਈ ਤੋਂ ਸ਼ੁਰੂ ਕੀਤਾ ਹੋਇਆ ਹੈ, ਉਸ ਦੇ ਬਰਾਬਰ ਸੰਯੁਕਤ ਮੋਰਚੇ ਵੱਲੋਂ 22 ਤੋਂ ਕਿਸਾਨਾਂ ਦੀ ਵੱਖਰੀ ਸੰਸਦ ਚਲਾ ਕੇ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ।
ਸੁਖਜੀਤ ਕੌਰ ਮੋਗਾ ਨੇ ਕਿਹਾ ਕਿ ਖੇਤੀ ਸਬੰਧੀ ਕਾਨੂੰਨ ਲਿਆਉਣ ਤੋਂ ਪਹਿਲਾਂ ਦੇ ਲੋਕ ਸਰਕਾਰਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਤੋਂ ਅਨਜਾਣ ਸਨ। ਉਨ੍ਹਾਂ ਕਿਹਾ ਕਿ ਔਰਤਾਂ ਹੁਣ ਅੱਗੇ ਤੋਂ ਚੌਕਸ ਹੋ ਕੇ ਇਨ੍ਹਾਂ ਸਾਮਰਾਜੀ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆਉਣਗੀਆਂ ਭਾਵੇਂ ਕਾਰਪੋਰੇਟ ਘਰਾਣੇ ਸਾਡੇ ਅਵੇਸਲੇਪਣ ਵਿਚ ਭਾਰਤ ਦੇ ਸਾਰੇ ਸੂਬਿਆਂ ਵਿੱਚ ਕਾਰੋਬਾਰ ਵਧਾਉਣ ਫੈਲਾਉਣ ਲਈ ਕਾਮਯਾਬ ਹੋਏ ਹਨ।