ਕੁਲਦੀਪ ਸਿੰਘ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਸਮੇਤ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਪੰਜਾਬੀ ਦੇ ਪ੍ਰਚਾਰ ਪਾਸਾਰ ਲਈ ਕਾਰਜਸ਼ੀਲ ਸੰਸਥਾ ਪੰਜਾਬੀ ਪ੍ਰਮੋਸ਼ਨ ਕੌਂਸਲ ਵਲੋਂ ਤਿਹਾੜ ਜੇਲ੍ਹ ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਰੇ ਕੈਦੀਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਵਿਚ ਤਿਹਾੜ ਜੇਲ੍ਹ ਦੇ ਸਾਰੇ ਕੈਦੀਆਂ ਅਤੇ ਸਟਾਫ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਕੀਰਤਨ ਦਰਬਾਰ ਦਾ ਮਕਸਦ ਦਸਦਿਆਂ ਕਿਹਾ ਕਿ ਜੇਲ੍ਹ ਦੇ ਕੈਦੀਆਂ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਅਤੇ ਸਿੱਖਿਆ ਪਹੁੰਚਾਉਣ ਲਈ ਤਿਹਾੜ ਜੇਲ੍ਹ ਨੰਬਰ 4 ਵਿਚ ਪ੍ਰਕਾਸ਼ ਪੁਰਬ ਮੌਕੇ ਇਸ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਭਾਈ ਇੰਦਰਜੀਤ ਸਿੰਘ ਸੋਹਨਾ ਵਾਲਿਆਂ ਦੁਆਰਾ ਲਗਾਏ ਇਸ ਕੀਰਤਨ ਦਰਬਾਰ ਰਾਹੀਂ ਕੈਦੀਆਂ ਨੂੰ ਗੁਰੂ ਸਾਹਿਬਾਨਾਂ ਵਲੋਂ ਦਿੱਤੇ ਭਾਈਚਾਰੇ ਦੇ ਸੰਦੇਸ਼ ਨੂੰ ਦ੍ਰਿੜ੍ਹ ਕਰਕੇ ਆਪਣੇ ਜੀਵਨ ’ਚ ਉਤਾਰਣ ਉਤੇ ਵੀ ਬਲ ਦਿੱਤਾ ਗਿਆ। ਨਾਲ ਹੀ ਕੈਦੀਆਂ ਨੂੰ ਦੱਸਿਆ ਗਿਆ ਕਿ ਤੁਸੀਂ ਆਪਣੇ ਧਰਮ ਦਾ ਪਾਲਨ ਕਰੋ ਅਤੇ ਦੂਸਰੇ ਦੇ ਧਰਮ ਅਤੇ ਭਾਵਨਾਵਾਂ ਦਾ ਸਨਮਾਨ ਕਰੋ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਵੀ ਇਨ੍ਹਾਂ ਨਿਯਮਾਂ ਦਾ ਪਾਲਣ ਕਰਕੇ ਆਪਣੀ ਅਤੇ ਆਪਣੇ ਸਕੇ-ਸਬੰਧੀਆਂ ਦੀ ਜ਼ਿੰਦਗੀ ਵਿਚ ਸ਼ਾਂਤੀ ਤੇ ਸਕੂਨ ਭਰਪੂਰ ਬਣਾਉਣ ਲਈ ਵੀ ਕਿਹਾ ਗਿਆ। ਇਸ ਕੀਰਤਨ ਦਰਬਾਰ ਵਿਚ ਲੰਗਰ ਦੇ ਸਮੇਂ ਤਿਹਾੜ ਜੇਲ੍ਹ ਨੰਬਰ 4 ਦੇ ਸੁਪਰਡੈਂਟ ਰਾਜਕੁਮਾਰ ਅਤੇ ਜੇਲ੍ਹ ਡਿਪਟੀ ਸੁਪਰਡੈਂਟ ਆਪਣੇ ਸਾਰੇ ਸਟਾਫ ਸਹਿਤ ਮੌਜੂਦ ਸਨ ਅਤੇ ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਲੋਕਾਂ ਦਾ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਤੇ ਸਮਾਜਕ ਦੂਰੀ ਅਤੇ ਕਰੋਨਾ ਨਾਲ ਸਬੰਧਤ ਨਿਯਮਾਂ ਦਾ ਪਾਲਣ ਕੀਤਾ ਗਿਆ। ਪ੍ਰੋਗਰਾਮ ਦੀ ਕਾਮਯਾਬੀ ਲਈ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਸਮੇਤ ਹਰਮੀਤ ਸਿੰਘ ਓਬਰਾਏ ਅਤੇ ਰਾਜੀਵ ਅਰੋੜਾ ਦਾ ਵਿਸ਼ੇਸ਼ ਯੋਗਦਾਨ ਰਿਹਾ।