ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਦੁਨੀਆ ਦੀਆਂ 5 ਮਹਾਨ ਜੰਗਾਂ ਵਿੱਚ ਸ਼ੁਮਾਰ ਸਾਰਾਗੜ੍ਹੀ ਜੰਗ ਦੀ 125ਵੀਂ ਵਰੇਗੰਢ ਦੀ ਯਾਦ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਭਾਈ ਸੁਖਵਿੰਦਰ ਸਿੰਘ ਪਟੇਲ ਨਗਰ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਗੁਰਮੇਲ ਸਿੰਘ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸਾਰਾਗੜ੍ਹੀ ਜੰਗ ਵਿੱਚ ਸ਼ਹੀਦ ਹੋਏ ਸਿੱਖ ਯੋਧਿਆਂ ਨੂੰ ਯਾਦ ਕਰਦਿਆਂ ਦੱਸਿਆ ਕਿ ਇਸ ਜੰਗ ’ਚ 10,000 ਅਫਗਾਨੀ ਯੌਧਿਆਂ ਦਾ ਮੁਕਾਬਲਾ ਸਿਰਫ਼ 21 ਸਿੱਖ ਫੌਜੀਆਂ ਨੇ ਕੀਤਾ ਸੀ । ਇਸੇ ਤਰ੍ਹਾਂ 1965 ’ਚ ਜਦੋਂ ਭਾਰਤ-ਪਾਕਿ ਜੰਗ ਹੋਈ ਉਦੋਂ ਜਨਰਲ ਕੁਲਦੀਪ ਸਿੰਘ ਦੀ ਅਗਵਾਈ ’ਚ 120 ਭਾਰਤੀ ਫੌਜੀਆਂ ਨੇ 2800 ਪਾਕਿਸਤਾਨੀ ਫੌਜੀਆਂ ਦਾ ਡੱਟ ਕੇ ਮੁਕਾਬਲਾ ਕੀਤਾ । ਅਜਿਹਾ ਸਿਰਫ਼ ਇਸ ਕਰਕੇ ਸੰਭਵ ਹੋਇਆ ਕਿਉਂਕਿ ਇਨ੍ਹਾਂ ਦੇ ਸਿਰ ’ਤੇ ਗੁਰੂ ਗੋਬਿੰਦ ਸਿੰਘ ਵੱਲੋਂ ਬਖ਼ਸ਼ੀ ਦਸਤਾਰ ਸਜੀ ਹੋਈ ਸੀ ਜੋ ਸਾਡੀਆਂ ਰਗਾਂ ’ਚ ਵਗਣ ਵਾਲੇ ਲਹੂ ’ਚ ਨਿਡਰਤਾ ਦਾ ਪ੍ਰਵਾਹ ਵੀ ਕਰਦੀ ਹੈ। ਸਿੱਖਾਂ ਦੇ ਲਹੂ ’ਚ ਜੋਸ਼ ਤੇ ਜਨੂਨ ਭਰਿਆ ਹੋਇਆ ਹੈ ਇਸੇ ਲਈ ਜੰਗ ਭਾਵੇਂ ਸਾਰਾਗੜ੍ਹੀ ਦੀ ਹੋਵੇ ਜਾਂ ਭਾਰਤ-ਪਾਕਿ ਦੀ ਦੋਵਾਂ ਜੰਗਾਂ ’ਚ ਦੁਸ਼ਮਣਾਂ ਦੀ ਵੱਡੀ ਤਾਦਾਦ ਹੋਣ ਦੇ ਬਾਵਜੂਦ ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਜੰਗ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ (ਜਿਹੜੇ ਸਿੱਖ ਸਨ) ਤੇ ਅਫਗਾਨੀ ਉਰਾਕਜਈ ਜਨਜਾਤੀਆਂ ਵਿਚਾਲੇ ਤੀਰਹ (ਹੁਣ ਪਾਕਿਸਤਾਨ) ਵਿੱਚ ਲੜੀ ਗਈ ਸੀ।