ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਸੜਕੀ ਰੰਜ਼ਿਸ਼ ਦੇ ਮਾਮਲੇ ਵਿੱਚ ਪੂਰਬੀ ਦਿੱਲੀ ਦੇ ਸਮਸ਼ਪੁਰ ਖੇਤਰ ਵਿੱਚ ਇੱਕ ਸ਼ਰਾਬ ਦੇ ਠੇਕੇ ਅੱਗੇ ਕੋਈ ਨੁਕੀਲੀ ਚੀਜ਼ ਨਾਲ ਇੱਕ 20 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਅਤੇ ਉਸ ਦਾ ਦੋਸਤ ਨੇ ਸ਼ਰਾਬ ਦੇ ਠੇਕੇ ਨੇੜੇ ਮੁਲਜ਼ਮ ਦੇ ਸਕੂਟਰ ਨੂੰ ਛੂਹਿਆ। ਜਦੋਂ ਉਹ ਸ਼ਰਾਬ ਖਰੀਦ ਕੇ ਵਾਪਸ ਆ ਰਹੇ ਸਨ ਤਾਂ ਮੁਲਜ਼ਮ ਆਪਣੇ ਇੱਕ ਹੋਰ ਸਾਥੀ ਨਾਲ ਉੱਥੇ ਆਇਆ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਨੌਜਵਾਨ ਦੀ ਛਾਤੀ ’ਤੇ ਵਾਰ ਕੀਤਾ। ਡਿਪਟੀ ਕਮਿਸ਼ਨਰ ਆਫ ਪੁਲੀਸ (ਪੂਰਬੀ) ਪ੍ਰਿਅੰਕਾ ਕਸ਼ਯਪ ਨੇ ਦੱਸਿਆ ਕਿ ਪਾਂਡਵ ਨਗਰ ਪੁਲੀਸ ਸਟੇਸ਼ਨ ਨੂੰ ਐਤਵਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਪੀੜਤ ਨੂੰ ਉਸ ਦੇ ਦੋਸਤ ਨੇ ਝਗੜੇ ਵਿੱਚ ਜ਼ਖ਼ਮੀ ਹੋਣ ਮਗਰੋਂ ਖਿਚੜੀਪੁਰ ਦੇ ਐੱਲਬੀਐੱਸ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਸਮਸਪੁਰ ਵਿੱਚ ਸ਼ਰਾਬ ਦੀ ਦੁਕਾਨ ਨੇੜੇ ਸਕੂਟਰ ਨੂੰ ਛੂਹਣ ’ਤੇ ਮ੍ਰਿਤਕ ਨੌਜਵਾਨ ਅਤੇ ਉਸ ਦੇ ਦੋਸਤ ਦਾ ਇੱਕ ਅਣਪਛਾਤੇ ਸਕੂਟਰ ਸਵਾਰ ਨਾਲ ਝਗੜਾ ਹੋਇਆ ਸੀ। ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਜਾਣਕਾਰੀ ਅਨੁਸਾਰ ਸ਼ਾਮ ਵੇਲੇ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਉਪਰ ਆਮ ਨਾਲੋਂ ਜ਼ਿਆਦਾ ਭੀੜ ਰਹਿੰਦੀ ਹੈ ਤੇ ਲੋਕ ਆਪਣੀਆਂ ਗੱਡੀਆਂ ਠੇਕਿਆਂ ਕੋਲ ਸੜਕਾਂ ’ਤੇ ਖੜ੍ਹੀਆਂ ਕਰ ਦਿੰਦੇ ਹਨ, ਜਿਸ ਕਰਕੇ ਜਾਮ ਵੀ ਲੱਗਦੇ ਹਨ।