ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਨਿਜ਼ਾਮੂਦੀਨ ਇਲਾਕੇ ਵਿੱਚ ਇੱਕ ਗਲੀ ਵਿੱਚ ਚਿੱਟੇ ਦਿਨ ਗੋਲੀਆਂ ਨਾਲ ਗਰਭਵਤੀ ਪਤਨੀ ਸਾਇਨਾ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਵਾਸੀਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸਵੇਰੇ ਪੌਣੇ 11 ਵਜੇ ਦੇ ਕਰੀਬ ਸਥਾਨਕ ਪੁਲੀਸ ਨੂੰ ਪਤਾ ਲੱਗਾ ਕਿ ਇੱਕ ਵਿਅਕਤੀ ਨੇ ਔਰਤ ਤੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ। ਮੌਕੇ ਤੋਂ ਸਾਇਨਾ ਤੇ ਫੱਟੜ ਸ਼ਹਾਦਤ ਨੂੰ ਨੇੜੇ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਸਾਇਨਾ ਨੂੰ ਮ੍ਰਿਤਕ ਐਲਾਨ ਦਿੱਤਾ। ਸੀਸੀਟੀਵੀ ਫੁਟੇਜ਼ ਨੂੰ ਦੇਖ ਕੇ ਪੁਲੀਸ ਨੇ ਤੇਜ਼ੀ ਨਾਲ ਵਾਸੀਮ ਨੂੰ ਗ੍ਰਿਫ਼ਤਾਰ ਕਰ ਲਿਆ। ਸਾਇਨਾ ਦਾ ਪਿਛੋਕੜ ਵੀ ਦਾਗ਼ੀ ਸੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਸਾਇਨਾ ਅੱਠ ਮਹੀਨੇ ਦੀ ਗਰਭਵਤੀ ਸੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਰੇਹਾਨਾ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ।