ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦਲਿਤ ਪਰਿਵਾਰ ਨੂੰ ਸੱਦਾ ਦੇ ਕੇ ਮੌਕਾਪ੍ਰਸਤ ਰਾਜਨੀਤੀ ਨੂੰ ਨਵਾਂ ਪੈਮਾਨਾ ਦੇਣ ਦੀ ਕੋਸ਼ਿਸ਼ ਕਰਕੇ ਗੁਜਰਾਤ ਦੇ ਦਲਿਤ ਵਰਗ ਨੂੰ ਗੁੰਮਰਾਹ ਕਰ ਰਹੇ ਹਨ। ਸੂਬਾ ਪ੍ਰਧਾਨ ਨੇ ਕਿਹਾ ਕਿ ਗੁਜਰਾਤ ਤੋਂ ਇਕ ਦਲਿਤ ਪਰਿਵਾਰ ਨੂੰ ਹਵਾਈ ਸਫਰ ਰਾਹੀਂ ਦਿੱਲੀ ਬੁਲਾ ਕੇ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਵਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ। ਉਨ੍ਹਾਂ ਕਿਹਾ ਕਿ ਦਲਿਤ ਦੀ ਇੱਜ਼ਤ ਕਰਨੀ ਤਾਂ ਠੀਕ ਹੈ ਪਰ ਦਲਿਤ ਪਰਿਵਾਰ ਨੂੰ ਖਾਣਾ ਗੁਜਰਾਤ ਵਿੱਚ ਕਿਉਂ ਨਹੀਂ ਖੁਆਇਆ ਜਾਂਦਾ, ਇਹ ਕੇਜਰੀਵਾਲ ਦਾ ਚੋਣ ਸਟੰਟ ਹੈ। ਗੁਜਰਾਤ ਵਿੱਚ ਚੋਣ ਹੈ ਇਸ ਲਈ ਦਲਿਤ ਨੂੰ ਯਾਦ ਕੀਤਾ ਗਿਆ ਹੈ ਪਰ ਕੇਜਰੀਵਾਲ ਨੇ ਦਿੱਲੀ ਵਿੱਚ ਦਲਿਤ ਸਮਾਜ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹਾ ਕਰਕੇ ਚੋਣਾਵੀ ਰੋਲ ਤਿਆਰ ਕਰ ਰਿਹਾ ਹੈ ਪਰ ਦਿੱਲੀ ਵਿੱਚ ਦਿੱਲੀ ਸਰਕਾਰ, ਨਵੀਂ ਦਿੱਲੀ ਨਗਰ ਕੌਂਸਲ ਤੇ ਦਿੱਲੀ ਨਗਰ ਨਿਗਮ ਦੇ ਹਜ਼ਾਰਾਂ ਸਫ਼ਾਈ ਕਰਮਚਾਰੀ ਪੱਕੇ ਕਰਨ ਦੀ ਮੰਗ ਕਰ ਰਹੇ ਹਨ। ਕੇਜਰੀਵਾਲ 8 ਸਾਲਾਂ ਵਿੱਚ ਉਨ੍ਹਾਂ ਨੂੰ ਪੱਕੇ ਕਰਨ ਦਾ ਫੈਸਲਾ ਨਹੀਂ ਲੈ ਸਕਿਆ ਤੇ ਦੂਜੇ ਰਾਜਾਂ ਵਿੱਚ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਲਈ ਬਿਆਨਬਾਜ਼ੀ ਕਰ ਰਿਹਾ ਹੈ। ਕੇਜਰੀਵਾਲ ਨੇ ਸ਼ਹੀਦ ਸਫ਼ਾਈ ਕਰਮਚਾਰੀ ਕਰੋਨਾ ਯੋਧਿਆਂ ਨੂੰ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਵਿੱਚ ਹਿੰਮਤ ਹੈ ਤਾਂ ਉਹ ਗੁਜਰਾਤ ਦੇ ਇਸ ਦਲਿਤ ਪਰਿਵਾਰ ਨੂੰ ਦਿੱਲੀ ਦੀਆਂ ਬਸਤੀਆਂ ਵਿੱਚ ਲੈ ਜਾਵੇ, ਤਾਂ ਜੋ ਇਸ ਪਰਿਵਾਰ ਨੂੰ ਵੀ ਕੇਜਰੀਵਾਲ ਦੇ ਦਲਿਤਾਂ ਪ੍ਰਤੀ ਝੂਠੇ ਪਿਆਰ ਦਾ ਪਤਾ ਲੱਗ ਸਕੇ।