ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜਨਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੀਐੱਸਆਈਆਈਡੀਸੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਣੀਖੇੜਾ ਟੈਕਨਾਲੋਜੀ ਪਾਰਕ ਦਾ ਵਿਕਾਸ ਕਾਰਜ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ ਅਤੇ ਇਸ ਨਾਲ ਸਬੰਧਤ ਟੈਂਡਰਿੰਗ ਆਦਿ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਆਰੰਭੀ ਜਾਵੇ। ਮੁੰਡਕਾ ਦੇ ਰਾਣੀਖੇੜਾ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਪ੍ਰਸਤਾਵਿਤ ਟੈਕਨਾਲੋਜੀ ਪਾਰਕ ਨੂੰ ਵਿਕਸਿਤ ਕਰਨ ਦਾ ਕੰਮ ਮਈ 2021 ਤੋਂ ਸ਼ੁਰੂ ਹੋਵੇਗਾ। ਪਾਰਕ ਦਾ ਪਹਿਲਾ ਪੜਾਅ ਦੋ ਪੜਾਵਾਂ, 2023 ਵਿਚ ਤੇ ਦੂਜਾ ਪੜਾਅ 2025 ਵਿਚ ਪੂਰਾ ਕੀਤਾ ਜਾਵੇਗਾ। ਡੀਐੱਸਆਈਆਈਡੀਸੀ ਦਾ ਕਹਿਣਾ ਹੈ ਕਿ ਪਾਰਕ ਦੇ ਵਿਕਸਤ ਹੋਣ ਤੋਂ ਬਾਅਦ 1.5 ਲੱਖ ਲੋਕਾਂ ਨੂੰ ਸਿੱਧਾ ਤੇ 13.5 ਲੱਖ ਲੋਕਾਂ ਨੂੰ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਡੀਐੱਸਆਈਆਈਡੀਸੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਨਅਤੀ ਖੇਤਰਾਂ ਵਿੱਚ ਡਰੇਨੇਜ਼ ਤੇ ਸੜਕਾਂ ਆਦਿ ਦੇ ਪੁਨਰ ਵਿਕਾਸ ਦੇ ਕੰਮ ਨੂੰ ਵੀ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਅਰਵਿੰਦ ਕੇਜਰੀਵਾਲ ਨੇ ਇਹ ਦਿਸ਼ਾ ਨਿਰਦੇਸ਼ਾਂ ਅੱਜ ਆਪਣੀ ਰਿਹਾਇਸ਼ ’ਤੇ ਰਾਣੀਖੇੜਾ ਟੈਕਨਾਲੋਜੀ ਪਾਰਕ ਵਿਕਸਿਤ ਕਰਨ ਤੇ ਸਨਅਤੀ ਖੇਤਰਾਂ ਵਿਚ ਚੱਲ ਰਹੇ ਪੁਨਰ ਵਿਕਾਸ ਦੇ ਕੰਮ ਦੀ ਸਮੀਖਿਆ ਕਰਨ ਲਈ ਹੋਈ ਇਕ ਉੱਚ ਪੱਧਰੀ ਬੈਠਕ ਦੌਰਾਨ ਅਧਿਕਾਰੀਆਂ ਨੂੰ ਦਿੱਤੇ। ਇਸ ਦੌਰਾਨ ਦਿੱਲੀ ਦੇ ਉਦਯੋਗ ਮੰਤਰੀ ਸਤਿੰਦਰ ਜੈਨ ਵੀ ਮੌਜੂਦ ਸਨ।