ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਭਾਜਪਾ ਦੇ ਸੂਬਾਈ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ ਤੇ ਹੁਣ ਉਨ੍ਹਾਂ ਨੇ ਸਕੂਲਾਂ ਨੂੰ ਆਪਣੇ ਨਜ਼ਦੀਕੀ ਆਮ ਆਦਮੀ ਪਾਰਟੀ ਵਰਕਰਾਂ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ।
ਪ੍ਰੈਸ ਕਾਨਫਰੰਸ ਵਿੱਚ ਸ੍ਰੀ ਗੁਪਤਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਕਾਫੀ ਪ੍ਰਚਾਰ ਕਰ ਕੇ ਸੈਨਿਕ ਸਕੂਲ ਖੋਲ੍ਹਿਆ ਸੀ ਪਰ ਹੁਣ ਇਸ ਸਕੂਲ ਨੂੰ ਚਲਾਉਣ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਦੀ ਜ਼ਿੰਮੇਵਾਰੀ ਜਿਸ ਸਾਈਕੋਰੀਅਨ ਐਜੂਕੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦਿੱਤੀ ਗਈ ਹੈ, ਉਹ ਆਮ ਆਦਮੀ ਪਾਰਟੀ ਦੀ ਵਰਕਰ ਸਿਰੀਸ਼ਾ ਰਾਓ ਹੈ ਤੇ ਉਸ ਦੀ ਕੰਪਨੀ 2021 ਵਿੱਚ ਹੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਇਹ ਭ੍ਰਿਸ਼ਟਾਚਾਰ ਅਸਲ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਹੈ ਅਤੇ ਕੇਜਰੀਵਾਲ ਦਾ ਹਰ ਕੰਮ ਭ੍ਰਿਸ਼ਟਾਚਾਰ ਤੋਂ ਸ਼ੁਰੂ ਹੁੰਦਾ ਹੈ ਅਤੇ ਉਹ ਭ੍ਰਿਸ਼ਟਾਚਾਰ ਲਈ ਹੀ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮਾਡਲ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਬਿਆਨ ਕਰਨ ਵਾਲੇ ਸਕੂਲਾਂ ਦੀ ਹਾਲਤ ਦੇਖਣੀ ਹੋਵੇ ਤਾਂ ਖਜੂਰੀ ਖਾਸ ਇਸ ਦੀ ਵੱਡੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਲੜਕੀਆਂ ਸਵੇਰ ਦੀ ਸ਼ਿਫਟ ਵਿੱਚ ਅਤੇ ਲੜਕੇ ਦੂਜੀ ਸ਼ਿਫਟ ਵਿੱਚ ਪੜ੍ਹਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਮਰਿਆਂ ਦੀ ਘਾਟ ਇੰਨੀ ਹੈ ਕਿ 6ਵੀਂ ਤੋਂ 11ਵੀਂ ਜਮਾਤਾਂ ਦੋ ਦਿਨਾਂ ਬਾਅਦ ਹੁੰਦੀਆਂ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ 84 ਫੀਸਦੀ, ਵਾਈਸ ਪ੍ਰਿੰਸੀਪਲ ਦੀਆਂ 34 ਫੀਸਦੀ, ਟੀਜੀਟੀ ਅਧਿਆਪਕਾਂ ਦੀਆਂ 40 ਫੀਸਦੀ ਤੇ ਪੀਜੀਟੀ ਅਧਿਆਪਕਾਂ ਦੀਆਂ 22 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਿੱਖਿਆ ਪ੍ਰਣਾਲੀ ਨੂੰ ਦੁਨੀਆ ਦਾ ਸਭ ਤੋਂ ਵਧੀਆ ਮਾਡਲ ਦੱਸਣ ਵਾਲੇ ਕੇਜਰੀਵਾਲ ਦੇ ਇਸ ਮਾਡਲ ਵਿੱਚ ਗਰੀਬ ਆਦਮੀ ਦੇ ਬੱਚੇ ਬਿਨਾਂ ਅਧਿਆਪਕ ਤੋਂ ਪੜ੍ਹਾਈ ਕਰਨ ਲਈ ਮਜਬੂਰ ਹਨ। ਪ੍ਰੈੱਸ ਕਾਨਫਰੰਸ ਵਿੱਚ ਹਰੀਸ਼ ਖੁਰਾਣਾ ਤੇ ਸੂਬਾ ਬੁਲਾਰੇ ਸ਼੍ਰੀਮਤੀ ਪੂਜਾ ਸੂਰੀ ਵੀ ਮੌਜੂਦ ਸਨ।