ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਟਿੱਕਰੀ ਅਤੇ ਪੂਤ ਖੁਰਦ ਵਿੱਚ ਗ਼ਰੀਬਾਂ ਲਈ 16,600 ਫਲੈਟ ਬਣਾਉਣ ਦਾ ਐਲਾਨ ਦਿੱਲੀ ਵਾਸੀਆਂ ਨੂੰ ਪੂਰੀ ਤਰ੍ਹਾਂ ਗੁਮਰਾਹ ਕਰਨ ਵਾਲਾ ਹੈ ਕਿਉਂਕਿ ਇਹ ਪ੍ਰਾਜੈਕਟ ਸ਼ੀਲਾ ਦੀਕਸ਼ਿਤ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ 2018 ਤੱਕ ਪੂਰਾ ਹੋਣਾ ਸੀ ਪਰ ਕੇਜਰੀਵਾਲ ਸਰਕਾਰ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਇਸ ਵਿੱਚ ਦੇਰੀ ਹੋ ਗਈ। ਇਸ ਯੋਜਨਾ ’ਤੇ 646 ਕਰੋੜ ਰੁਪਏ ਦਾ ਵਾਧੂ ਖ਼ਰਚਾ ਆਵੇਗਾ।
ਇੱਥੇ ਰਾਜੀਵ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਸ਼ਾਇਦ ਆਪਣੇ ਇਸ ਐਲਾਨ ਤੋਂ ਅਣਜਾਣ ਹਨ ਕਿ ਉਨ੍ਹਾਂ ਨੇ 10 ਸਤੰਬਰ 2020 ਨੂੰ ਸੁਪਰੀਮ ਕੋਰਟ ਦੇ 31 ਅਗਸਤ 2020 ਨੂੰ ਰੇਲਵੇ ਲਾਈਨ ਨੇੜੇ ਸਥਿਤ 48,000 ਝੁੱਗੀਆਂ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਹਟਾਉਣ ਦੇ ਹੁਕਮਾਂ ਤੋਂ ਬਾਅਦ ਉੱਤਰੀ ਰੇਲਵੇ ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਦਿੱਲੀ ਸਰਕਾਰ ਨੇ ਸਪੱਸ਼ਟ ਕਿਹਾ ਸੀ ਕਿ ਦਿੱਲੀ ਸਰਕਾਰ ਰੇਲਵੇ ਨੂੰ 29,257 ਫਲੈਟ ਦੇਵੇਗੀ ਜੋ ਕਿ ਸੁਲਤਾਨਪੁਰੀ, ਸਵਦਾ, ਘੇਵੜਾ, ਭਲਸਵਾ, ਬਵਾਨਾ ਅਤੇ ਨਰੇਲਾ ਵਿੱਚ ਤਿਆਰ ਹਨ ਅਤੇ ਬਾਕੀ 16,600 ਫਲੈਟ ਟਿੱਕਰੀ ਅਤੇ ਪੂਤ ਖੁਰਦ ਵਿੱਚ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ 16,600 ਫਲੈਟ ਦੁਬਾਰਾ ਬਣਾਉਣ ਦਾ ਐਲਾਨ ਦਿੱਲੀ ਵਾਸੀਆਂ ਨਾਲ ਬੇਇਨਸਾਫ਼ੀ ਹੈ ਜੋ ਉਨ੍ਹਾਂ ਦੀ ਗ਼ਰੀਬ ਵਿਰੋਧੀ ਸੋਚ ਨੂੰ ਬੇਪਰਦ ਕਰਦਾ ਹੈ।