ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਾਰਚ
ਸਾਬਕਾ ਵਿਧਾਇਕ ਅਲਕਾ ਲਾਂਬਾ ਨੇ ਰਾਜ ਦਫ਼ਤਰ ਰਾਜੀਵ ਭਵਨ ਵਿਚ ਪ੍ਰੈਸ ਕਾਨਫਰੰਸ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਸਿਸੋਦੀਆ ਨੇ ਸ਼ਰਾਬ ਪੀਣ ਦੀ ਉਮਰ ਨੂੰ 25 ਸਾਲ ਤੋਂ ਘਟਾ ਕੇ 21 ਸਾਲ ਕਰ ਕੇ ਦਿੱਲੀ ਦੀ ਜਵਾਨੀ ਨੂੰ ਸ਼ਰਾਬੀ ਅਤੇ ਨਸ਼ਿਆਂ ਵੱਲ ਲਿਜਾਣ ਦੀ ਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮਾਲੀਆ ਵਧਾਉਣ ਦੇ ਨਾਮ ’ਤੇ ਘਰ-ਘਰ ਜਾ ਕੇ ਸ਼ਰਾਬ ਵੰਡਣ ਦੀ ਯੋਜਨਾ ਤਹਿਤ ਹਰੇਕ ਵਾਰਡ ਵਿੱਚ ਘੱਟੋ ਘੱਟ 3 ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ। ਕੇਜਰੀਵਾਲ ਦੀ ਸ਼ਰਾਬ ਨੀਤੀ ’ਤੇ ਲਗਾਈ ਗਈ ਰੋਕ ਦੇ ਸਬੰਧ ਵਿਚ, ਦਿੱਲੀ ਕਾਂਗਰਸ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲ ਦੇਣ ਤਾਂ ਜੋ ਦਿੱਲੀ ਨੂੰ ਨਸ਼ਿਆਂ ਦੀ ਰਾਜਧਾਨੀ ਬਣਨ ਤੋਂ ਬਚਾਇਆ ਜਾ ਸਕੇ, ਤਾਂ ਜੋ ਬੇਰੁਜ਼ਗਾਰਾਂ ਨੂੰ ਨਸ਼ਿਆਂ ਵਿਚ ਪੈਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਪ੍ਰਵੇਜ਼ ਆਲਮ ਵੀ ਮੌਜੂਦ ਸਨ।
ਅਲਕਾ ਲਾਂਬਾ ਨੇ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਕਿ ਕਾਂਗਰਸ ਵਰਕਰ ਸਿਵਲ ਲਾਈਨਜ਼ ਸਥਿਤ ਮੁੱਖ ਮੰਤਰੀ ਨਿਵਾਸ ’ਤੇ ਦਿੱਲੀ ਦੇ ਨੌਜਵਾਨਾਂ ਨੂੰ ਸ਼ਰਾਬੀ ਹੋਣ ਤੋਂ ਬਚਾਉਣ ਲਈ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਦਿੱਲੀ ਦੀਆਂ ਔਰਤਾਂ ਸ਼ਰਾਬ ਦੀ ਨੀਤੀ ’ਤੇ ਸਹਿਮਤ ਹਨ ਅਤੇ ਕੀ ਉਨ੍ਹਾਂ 80 ਵਾਰਡਾਂ ਵਿਚ ਔਰਤਾਂ ਕੌਸਲਰਾਂ ਹਨ ਜਿਥੇ ਇਕ ਵੀ ਸ਼ਰਾਬ ਦਾ ਠੇਕਾ ਨਹੀਂ ਹੈ, ਉਨ੍ਹਾਂ ਨੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਜਨਤਾ ਦੀਆਂ ਪਹਿਲਕਦਮੀਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਨਵੀਂ ਦਿੱਲੀ ਸ਼ਰਾਬ ਆਬਕਾਰੀ ਨੀਤੀ ਲਾਗੂ ਕਰਨ ਜਾ ਰਹੀ ਹੈ।