ਨਵੀਂ ਦਿੱਲੀ, 28 ਮਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਜ਼ੇਰੇ ਇਲਾਜ ਸਾਬਕਾ ਸਿਹਤ ਮੰਤਰੀ ਤੇ ‘ਆਪ’ ਆਗੂ ਸਤੇਂਦਰ ਜੈਨ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਿਛਲੇ ਸਾਲ ਜੇਲ੍ਹ ਗਏ ਸਤੇਂਦਰ ਜੈਨ ਬੀਤੇ ਵੀਰਵਾਰ ਜੇਲ੍ਹ ਦੇ ਹਸਪਾਤਲ ਦੇ ਪਖਾਨੇ ਵਿੱਚ ਡਿੱਗ ਕੇ ਜ਼ਖ਼ਮੀ ਹੋ ਗਏ ਸਨ, ਜਿਸ ਮਗਰੋਂ ਉਨ੍ਹਾਂ ਨੂੰ ਪਹਿਲਾਂ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਪਰ ਉਥੇ ਸਾਹ ਲੈਣ ਵਿੱਚ ਦਿੱਕਤ ਆਉਣ ਕਾਰਨ ਉਨ੍ਹਾਂ ਨੂੰ ਇਥੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਸੁਪਰੀਮ ਕੋਰਟ ਨੇ ਜੈਨ ਨੂੰ ਆਪਣੀ ਮਰਜ਼ੀ ਦੇ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਦੀ ਮਨਜ਼ੂਰੀ ਦਿੱਤੀ ਸੀ, ਜਿਸ ਮਗਰੋਂ ਬੀਤੇ ਕੱਲ ਮੈਡੀਕਲ ਆਧਾਰ ‘ਤੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਵੀ ਦੇ ਦਿੱਤੀ ਗਈ ਹੈ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਜੈਨ ਨੂੰ ਕਿਸੇ ਵੀ ਮੀਡੀਆ ਅਦਾਰੇ ਨਾਲ ਗੱਲਬਾਤ ਨਾ ਕਰਨ ਲਈ ਕਿਹਾ ਗਿਆ ਹੈ।
ਕੇਜਰੀਵਾਲ ਨੇ ਅੱਜ ਆਪਣੇ ਟਵਿਟਰ ਅਕਾਊਂਟ ‘ਤੇ ਸਤੇਂਦਰ ਜੈਨ ਨੂੰ ਮਿਲਣ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ‘ਬਹਾਦਰ ਇਨਸਾਨ’ ਅਤੇ ‘ਹੀਰੋ’ ਦੱਸਿਆ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, ‘ਬਹਾਦਰ ਇਨਸਾਨ ਨੂੰ ਮਿਲਿਆ…ਨਾਇਕ।’ -ਪੀਟੀਆਈ