ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਦਿੱਲੀ ਨਗਰ ਨਿਗਮ ਚੋਣਾਂ ਦੇ ਮੁਲਤਵੀ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸ਼ਾਸਤ ਕੇਂਦਰ ਸਰਕਾਰ ਤੇ ਸੂਬਾ ਚੋਣ ਕਮਿਸ਼ਨ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਿੱਧੇ ਤੌਰ ’ਤੇ ਇਸ ਨੂੰ ਭਾਜਪਾ ਲਈ ਹਾਰ ਦਾ ਡਰ ਕਰਾਰ ਦਿੱਤਾ ਹੈ। ਦਿੱਲੀ ਰਾਜ ਚੋਣ ਕਮਿਸ਼ਨ ’ਤੇ ਕੇਂਦਰ ਸਰਕਾਰ ਅੱਗੇ ਗੋਡੇ ਟੇਕਣ ਦੇ ਦੋਸ਼ ਲੱਗੇ ਹਨ। ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਹੁਣ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰੇਗਾ ਤੇ ਕੀ ਮੋਦੀ ਜੀ ਹੁਣ ਇਸ ਦੇਸ਼ ਵਿੱਚ ਚੋਣਾਂ ਨਹੀਂ ਕਰਵਾਉਣਗੇ ਜਦਕਿ ਡਿਪਟੀ ਸੀ.ਐੱਮ ਨੇ ਚੋਣ ਮੁਲਤਵੀ ਕਰਨ ਦੇ ਕਮਿਸ਼ਨ ਦੇ ਕਦਮ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਭਾਜਪਾ ਦੀ ਇਸ ਸਾਜ਼ਿਸ਼ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ ਅਤੇ ਐੱਮਸੀਡੀ ਵਿੱਚ 260 ਸੀਟਾਂ ਨਾਲ ‘ਆਪ’ ਦੀ ਸਰਕਾਰ ਬਣੇਗੀ। ਉਨ੍ਹਾਂ ਦਾਅਵਾ ਕੀਤਾ ਕਿ ਨਿਗਮ ਚੋਣਾਂ ਵਿੱਚ ਭਾਜਪਾ ਦਾ ਸਫਾਇਆ ਹੋ ਜਾਵੇਗਾ।
ਭਾਜਪਾ ਨੇ ਲੋਕਤੰਤਰ ਦਾ ਗਲਾ ਘੁੱਟਣਾ ਸ਼ੁਰੂ ਕੀਤਾ: ਸਿਸੋਦੀਆ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਭਾਜਪਾ ਦਿੱਲੀ ਐੱਮਸੀਡੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਦੀ ਨਜ਼ਰ ਆ ਰਹੀ ਹੈ ਤਾਂ ਇਸ ਨੇ ਲੋਕਤੰਤਰ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਆਪਣੇ ਗੋਡੇ ਟੇਕਣ ਤੇ ਇਸ ਨੂੰ ਰੇਂਗਣ ਲਈ ਮਜਬੂਰ ਕਰਨ ਲਈ ਸਭ ਕੁਝ ਵਰਤਿਆ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਦੇਸ਼ ਦੇ ਚੋਣ ਕਮਿਸ਼ਨ ਜਿਸਦੇ ਮੋਢਿਆਂ ’ਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੀ, ਉਸੇ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੋਵੇ।