ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜਨਵਰੀ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਉਮੀਦਵਾਰ ਨਹੀਂ ਐਲਾਨਣਾ ਚਾਹੁੰਦੇ। ਸ੍ਰੀ ਸਿਰਸਾ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਹੁਣ ਸ੍ਰੀ ਕੇਜਰੀਵਾਲ ਉਸੇ ਤਰ੍ਹਾਂ ਭਗਵੰਤ ਮਾਨ ਦਾ ਸਿਆਸੀ ਕਤਲ ਕਰਨਗੇ, ਜਿਵੇਂ ਪਹਿਲਾਂ ਹੋਰ ਆਗੂਆਂ ਦਾ ਕੀਤਾ ਗਿਆ ਸੀ। ਸਿਰਸਾ ਨੇ ਕਿਹਾ ਹੈ ਕਿ ਸ਼ਾਤਿਰ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਦਾ ਪੱਤਾ ਕੱਟਣ ਵਾਸਤੇ ਲੋਕਾਂ ਦੀ ਰਾਇ ਲੈਣ ਦਾ ਡਰਾਮਾ ਕੀਤਾ ਹੈ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ‘ਆਪ’ ਕੋਲ ਨਾ ਕੋਈ ਹੋਰ ਚਿਹਰਾ ਹੈ ਤੇ ਨਾ ਹੀ ਕੋਈ ਗੱਲ ਹੈ, ਸਿਰਫ ਭਗਵੰਤ ਮਾਨ ਦਾ ਪੱਤਾ ਕੱਟਣ ਵਾਸਤੇ ਇਹ ਡਰਾਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਸੱਪ ਦੇ ਡੰਗੇ ਦਾ ਬੱਚ ਸਕਦਾ ਹੈ ਪਰ ਕੇਜਰੀਵਾਲ ਦਾ ਡੰਗਿਆ ਨਹੀਂ ਬੱਚ ਸਕਦਾ। ਉਨ੍ਹਾਂ ਕਿਹਾ ਕਿ ਹੁਣ ਕੇਜਰੀਵਾਲ ਅਜਿਹਾ ਵਿਅਕਤੀ ਪੇਸ਼ ਕਰਨਗੇ, ਜੋ ਚੋਣਾਂ ਹਾਰ ਜਾਵੇ ਤੇ ਫਿਰ ਕੇਜਰੀਵਾਲ ਆਪ ਮੁੱਖ ਮੰਤਰੀ ਬਣ ਜਾਣ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਛਲ ਕਪਟ ਕਰਨ ਵਾਲੇ ਕੇਜਰੀਵਾਲ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਉਂਦੀਆਂ ਚੋਣਾਂ ਵਿਚ ‘ਆਪ’ ਦਾ ਸਫਾਇਆ ਕਰ ਦੇਣ ਤਾਂ ਜੋ ਕੇਜਰੀਵਾਲ ਦਾ ਲੁੱਕਵਾਂ ਏਜੰਡਾ ਕਾਮਯਾਬ ਨਾ ਹੋ ਸਕੇ।