ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਈਪੀ ਡਿਪੂ ਤੋਂ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਡੀਟੀਸੀ ਦੇ ਫਲੀਟ ਵਿੱਚ ਜਲਦੀ ਹੀ 300 ਹੋਰ ਇਲੈਕਟ੍ਰਿਕ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ।
ਜਾਣਕਾਰੀ ਅਨੁਸਾਰ 2011 ਤੋਂ ਹੁਣ ਤੱਕ ਇੱਕ ਵੀ ਨਵੀਂ ਬੱਸ ਡੀਟੀਸੀ ਫਲੀਟ ਵਿੱਚ ਸ਼ਾਮਲ ਨਹੀਂ ਹੋਈ ਸੀ। ਅੱਜ ਇਹ ਪਹਿਲੀ ਬੱਸ ਸ਼ਾਮਲ ਕੀਤੀ ਗਈ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਵਿਰੁੱਧ ਜੰਗ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਕੇਜਰੀਵਾਲ ਨੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨਾਲ ਬੱਸ ਦੇ ਅੰਦਰ ਸਵਾਰੀਆਂ ਲਈ ਮੁਹੱਈਆ ਕਰਵਾਈਆਂ ਗਈਆਂ ਆਧੁਨਿਕ ਸਹੂਲਤਾਂ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੇ ਬੱਸ ਵਿੱਚ ਉਪਲਬਧ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਕੁਝ ਸਾਲਾਂ ਵਿੱਚ ਦੋ ਹਜ਼ਾਰ ਹੋਰ ਇਲੈਕਟ੍ਰਿਕ ਬੱਸਾਂ ਲਿਆਉਣ ਦਾ ਟੀਚਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘‘ਸਾਰੇ ਦਿੱਲੀ ਵਾਸੀਆਂ ਨੂੰ ਵਧਾਈਆਂ। ਪਹਿਲੀ ਇਲੈਕਟ੍ਰਿਕ ਬੱਸ ਅੱਜ ਤੋਂ ਦਿੱਲੀ ਦੀਆਂ ਸੜਕਾਂ ’ਤੇ ਚੱਲਣੀ ਸ਼ੁਰੂ ਹੋ ਗਈ ਹੈ। ਡੀਟੀਸੀ ਦੇ ਫਲੀਟ ਵਿੱਚ ਜਲਦੀ ਹੀ 300 ਇਲੈਕਟ੍ਰਿਕ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਤੁਹਾਨੂੰ ਵੀ ਆਪਣੇ ਵਾਹਨ ਨੂੰ ਇਲੈਕਟ੍ਰਿਕ ਵਾਹਨ ’ਚ ਬਦਲ ਕੇ ਪ੍ਰਦੂਸ਼ਣ ਵਿਰੁੱਧ ਇਸ ਜੰਗ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।’’
ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਸ ਰੂਟ ਨੰਬਰ ਈ-44 ’ਤੇ ਆਈਪੀ ਡਿਪੂ ਤੋਂ ਸਰਕੂਲਰ ਸੇਵਾ ਵਜੋਂ ਸਵੇਰੇ 5:30 ਵਜੇ ਤੋਂ ਰਾਤ 8:20 ਵਜੇ ਤੱਕ ਉਪਲਬਧ ਹੋਵੇਗੀ। ਬੱਸ ਆਈਪੀ ਡਿਪੂ ਤੋਂ ਆਈਟੀਓ ਏਜੀਸੀਆਰ, ਤਿਲਕ ਮਾਰਗ, ਮੰਡੀ ਹਾਊਸ, ਬਾਰਾਖੰਬਾ ਰੋਡ, ਕਨਾਟ ਪਲੇਸ, ਜਨਪਥ, ਰਾਜੇਸ਼ ਪਾਇਲਟ ਰੋਡ, ਪ੍ਰਿਥਵੀਰਾਜ ਰੋਡ, ਅਰਬਿੰਦੋ ਮਾਰਗ, ਸਫਦਰਜੰਗ, ਰਿੰਗ ਰੋਡ, ਸਾਊਥ ਐਕਸਟੈਂਸ਼ਨ, ਆਸ਼ਰਮ, ਭੋਗਲ, ਜੰਗਪੁਰਾ, ਆਈ.ਟੀ. ਇੰਡੀਆ ਗੇਟ, ਹਾਈ ਕੋਰਟ ਤੇ ਪ੍ਰਗਤੀ ਮੈਦਾਨ ਤੋਂ ਗੁਜ਼ਰੇਗੀ।