ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਪਰੈਲ
‘ਆਪ’ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਆਤਿਸ਼ੀ ਨੇ ਕਿਹਾ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਨਿਆਂਇਕ ਹਿਰਾਸਤ ਵਿੱਚ ਕਿਸੇ ਵਿਅਕਤੀ ਨੂੰ ਦਵਾਈ ਲੈਣ ਤੋਂ ਰੋਕਿਆ ਜਾ ਰਿਹਾ ਹੈ| ਸ੍ਰੀਮਤੀ ਆਤਿਸ਼ੀ ਨੇ ਕਿਹਾ ਕਿ ਉਹ ਕੋਈ ਗੈਂਗਸਟਰ ਜਾਂ ਅਤਿਵਾਦੀ ਨਹੀਂ ਹਨ, ਸਗੋਂ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਤਿੰਨ ਵਾਰ ਮੁੱਖ ਮੰਤਰੀ ਚੁਣਿਆ ਹੈ। ਹਰ ਕੋਈ ਜਾਣਦਾ ਹੈ ਕਿ ਸ੍ਰੀ ਕੇਜਰੀਵਾਲ ਪਿਛਲੇ 30 ਸਾਲਾਂ ਤੋਂ ਸ਼ੂਗਰ ਤੋਂ ਪੀੜਤ ਹਨ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦਿੱਲੀ ਦੇ ਮੁੱਖ ਮੰਤਰੀ ਨੂੰ ਸ਼ੂਗਰ ਦੀ ਦਵਾਈ ਇਨਸੁਲਿਨ ਦੀ ਆਗਿਆ ਨਾ ਦੇ ਕੇ ਉਨ੍ਹਾਂ ਵਿਰੁੱਧ ਕੁਝ ਸਾਜ਼ਿਸ਼ ਰਚ ਰਹੇ ਹਨ। ਆਤਿਸ਼ੀ ਨੇ ਸਵਾਲ ਕੀਤਾ, ‘‘ਕੇਂਦਰ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਇਸਦਾ ਵਿਰੋਧ ਕਿਉਂ ਕਰ ਰਹੇ ਹਨ ? ਅਸੀਂ ਸੁਣਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਕੈਦੀਆਂ ਨਾਲ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਇਹ ਇੱਕ ਵੱਡੀ ਸਾਜ਼ਿਸ਼ ਹੈ, ਕਿਹੜੀ ਕਾਨੂੰਨੀ ਵਿਵਸਥਾ ਦੇ ਤਹਿਤ ਤਿਹਾੜ ਪ੍ਰਸ਼ਾਸਨ ਨੇ ਈਡੀ ਨਾਲ ਕੇਜਰੀਵਾਲ ਦੀ ਸਿਹਤ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ? ਜਾਂਚ ਏਜੰਸੀ ਕੋਲ ਸਿਰਫ਼ ਇੱਕ ਕੰਮ ਹੈ ਮਨੀ ਲਾਂਡਰਿੰਗ ਦੀ ਜਾਂਚ ਕਰਨਾ। ਈਡੀ ਨਾਲ ਵੇਰਵੇ ਕਿਉਂ ਸਾਂਝੇ ਕੀਤੇ ਗਏ ? ਈਡੀ ਨੇ ਇਨ੍ਹਾਂ ਨੂੰ ਅਦਾਲਤ ਵਿੱਚ ਕਿਉਂ ਦਾਇਰ ਕੀਤਾ ?’’
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਤਿਸ਼ੀ ਨੇ ਈਡੀ ’ਤੇ ‘ਭਾਜਪਾ ਦਾ ਸਹਾਇਕ ਸੰਗਠਨ’ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਭਾਜਪਾ ਦਾ ‘ਸਿਆਸੀ ਟੂਲ’ ਹੈ। ਕੇਜਰੀਵਾਲ ਦੇ ਨਵਰਾਤਿਆਂ ਦੌਰਾਨ ਅੰਡੇ ਖਾਣ ਦੇ ਦਾਅਵਿਆਂ ਨੂੰ ਨਕਾਰਦਿਆਂ ਦਿੱਲੀ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦਾ ਝੂਠ ਦਾ ਪੁਲੰਦਾ ਹੈ।
ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਈਡੀ ਅਤੇ ਜੇਲ੍ਹ ਪ੍ਰਸ਼ਾਸਨ ’ਤੇ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਡੀ ਉਨ੍ਹਾਂ ਦੇ ਡਾਈਟ ਚਾਰਟ ਬਾਰੇ ਝੂਠ ਬੋਲ ਰਹੀ ਹੈ, ਜਦੋਂਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਕਿਸੇ ਵੀ ਕੈਦੀ ਦੀ ਸਿਹਤ ਅਤੇ ਖੁਰਾਕ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ ’ਤੇ ਈਡੀ ਅਤੇ ਜੇਲ੍ਹ ਪ੍ਰਸ਼ਾਸਨ ਕੇਜਰੀਵਾਲ ਦੀ ਜਾਨ ਨਾਲ ਖੇਡ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ।