ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲਗਪਗ 800 ਮੀਟਰ ਲੰਬੇ ਬੀਆਰਟੀ (ਚਿਰਾਗ-ਦਿੱਲੀ-ਸ਼ੇਖ ਸਰਾਏ) ਰੋਡ ’ਤੇ ਇਕ ਪਾਇਲਟ ਪ੍ਰਾਜੈਕਟ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿੱਚ ਯੂਰਪੀਅਨ ਸ਼ਹਿਰਾਂ ਦੀ ਤਰਜ਼ ’ਤੇ ਸੜਕਾਂ ਦੀ ਕਾਇਆਕਲਪ ਤੇ ਸੁੰਦਰੀਕਰਨ ਕਰੇਗੀ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਯੂਰਪੀਅਨ ਸ਼ਹਿਰਾਂ ਦੀ ਤਰਜ਼ ‘ਤੇ ਬੀਆਰਟੀ ਰੋਡ ਦੇ ਸੁੰਦਰੀਕਰਨ ਦਾ ਕੰਮ ਪੂਰਾ ਕਰ ਲਿਆ ਹੈ। ਆਧੁਨਿਕਤਾ ਦੇ ਨਾਲ ਇਹ ਸੜਕ ਰਾਸ਼ਟਰਵਾਦ ਦੀ ਝਲਕ ਵੀ ਪੇਸ਼ ਕਰਦੀ ਹੈ। ਸੜਕਾਂ ਦੇ ਕਿਨਾਰੇ ਆਜ਼ਾਦੀ ਘੁਲਾਟੀਆਂ ਦੀਆਂ ਮੂਰਤੀਆਂ ਤੇ ਇਤਿਹਾਸਕ ਵਿਰਾਸਤ ਦੀਆਂ ਕਲਾਕ੍ਰਿਤੀਆਂ ਦਿੱਲੀ ਵਾਸੀਆਂ ਨੂੰ ਆਪਣੀ ਦਿੱਲੀ ਲਈ ਮਾਣ ਮਹਿਸੂਸ ਕਰਾਉਂਦੀਆਂ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੜਕ ਦੇ ਨਿਰੀਖਣ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਇੱਕ ਸੜਕ ਦੇ ਨਮੂਨੇ ਦੇ ਡਿਜ਼ਾਈਨ ਦੀ ਜਾਂਚ ਕਰੋ, ਹੁਣ ਅਸੀਂ 100 ਫੁੱਟ ਦੀ ਚੌੜਾਈ ਵਾਲੀਆਂ 540 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਸੁੰਦਰ ਬਣਾਵਾਂਗੇ, ਅਸੀਂ ਇਸ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਕੰਮ ਸ਼ੁਰੂ ਕਰਾਂਗੇ’। ਇਸ ਦੌਰਾਨ ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੜਕ ਵਿੱਚ ਜੋ ਵੀ ਕਮੀਆਂ ਰਹਿ ਗਈਆਂ ਹਨ, ਉਹ ਦੱਸੀਆਂ ਜਾਣ ਤਾਂ ਕਿ ਹੋਰ ਸੁਧਾਰ ਹੋ ਸਕੇ। ਇਸ ਮੌਕੇ ਦਿੱਲੀ ਦੇ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ ਤੇ ਵਿਧਾਇਕ ਸੌਰਭ ਭਾਰਦਵਾਜ ਸਮੇਤ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਨੇ ਅੱਜ ਲਾਲ ਬਹਾਦਰ ਸ਼ਾਸਤਰੀ ਮਾਰਗ (ਬੀਆਰਟੀ) ‘ਤੇ ਚਿਰਾਗ ਦਿੱਲੀ ਤੋਂ ਸ਼ੇਖ ਸਰਾਏ ਤੱਕ ਯੂਰਪੀਅਨ ਸ਼ਹਿਰਾਂ ਦੀ ਤਰਜ਼ ‘ਤੇ ਵਿਕਸਤ ਸੜਕ ਦਾ ਦੌਰਾ ਕੀਤਾ ਅਤੇ ਨਿਰੀਖਣ ਕੀਤਾ। ਇਹ ਤਕਰੀਬਨ 800 ਮੀਟਰ ਲੰਬੀ ਸੜਕ ਹੈ ਜਿਸ ਨੂੰ ਪਾਇਲਟ ਆਧਾਰ ’ਤੇ ਵੇਖਿਆ ਹੈ।
ਇਸ ਸੜਕ ਦੀਆਂ ਜੋ ਕਮੀਆਂ ਬਾਕੀ ਹਨ ਉਨ੍ਹਾਂ ਨੂੰ ਸੁਧਾਰ ਕੇ ਹੁਣ ਬਾਕੀ 540 ਕਿਲੋਮੀਟਰ ਲੰਮੀ ਸੜਕਾਂ ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਬੀਆਰਟੀ ਰੋਡ ’ਤੇ ਯੂਰਪੀਅਨ ਸ਼ਹਿਰਾਂ ਦੀ ਤਰਜ਼ ’ਤੇ ਝਰਨਿਆਂ ਦਾ ਵਿਕਾਸ, ਸੈਲਫੀ ਪੁਆਇੰਟ ਦੇ ਰੂਪ ਵਿੱਚ ਐੱਫਓਬੀ ਦਾ ਵਿਕਾਸ ਤੇ ਹਰਿਆਲੀ ਦੇ ਵਿਚਕਾਰ ਸੁੰਦਰ ਮੂਰਤੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਾਈਕਲ ਟ੍ਰੈਕ ਦਾ ਵਿਕਾਸ, ਔਰਤਾਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਫੁੱਟਪਾਥ ‘ਤੇ ਚੰਗੀ ਰੌਸ਼ਨੀ ਦੇ ਪ੍ਰਬੰਧ ਸਣੇ ਪਾਵਰ ਕੇਬਲ ਵਿਛਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ।