ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਨਵੰਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਪਰਾਲੀ ਉੱਤੇ ਬਾਇਓ ਡੀ-ਕੰਪੋਜ਼ਰ ਕੈਮੀਕਲ ਦੀ ਸਪਰੇਅ ਦੇ ਪ੍ਰਭਾਵਾਂ ਦਾ ਜਾਇਜ਼ਾ ਲੈਣ ਲਈ ਹਿਰਾਂਕੀ ਪਿੰਡ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਪਰਾਲੀ ਦਾ ਬਹੁਤ ਸਸਤਾ ਤੇ ਸੌਖਾ ਹੱਲ ਲੱਭਿਆ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਨੇ ਪਰਾਲੀ ਹੇ ਹੱਲ ਲਈ ਕੁਝ ਨਹੀਂ ਕੀਤਾ, ਇਸ ਲਈ ਉਥੋਂ ਦੇ ਕਿਸਾਨ ਪਰਾਲੀ ਨੂੰ ਸਾੜਨ ਲਈ ਮਜਬੂਰ ਹਨ। ਪੂਸਾ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਬਾਇਓ ਡੀ-ਕੰਪੋਜ਼ਰ ਕੈਮੀਕਲ ਦਾ ਛਿੜਕਾਅ ਪਰਾਲੀ ਨੂੰ ਖਾਦ ਵਿੱਚ ਬਦਲ ਰਿਹਾ ਹੈ। ਹੁਣ ਤੱਕ ਸਰਕਾਰਾਂ ਪਰਾਲੀ ਦੇ ਹੱਲ ਲਈ ਬਹਾਨਾ ਬਣਾ ਰਹੀਆਂ ਸਨ ਪਰ ਹੁਣ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਨੂੰ ਇਹ ਵੀ ਦੱਸਾਂਗੇ ਕਿ ਪਰਾਲੀ ਦੇ ਹੱਲ ਲਈ ਬਾਇਓ ਡੀਕੰਪੋਜ਼ਰ ਕੈਮੀਕਲ ਦੀ ਸਪਰੇਅ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਨਾਲ ਹੀ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਜੇਕਰ ਰਾਜਾਂ ਨੇ ਪਰਾਲੀ ਨੂੰ ਸੁਲਝਾਉਣ ਲਈ ਕਦਮ ਚੁੱਕੇ ਹੁੰਦੇ ਤਾਂ ਅੱਜ ਦਿੱਲੀ ਦੇ ਲੋਕਾਂ ਨੂੰ ਕਰੋਨਾ ਪੀਰੀਅਡ ਵਿਚ ਪ੍ਰਦੂਸ਼ਣ ਦਾ ਜ਼ਹਿਰ ਨਹੀਂ ਪੀਣਾ ਪੈਂਦਾ। ਦਿੱਲੀ ਵਿੱਚ ਲਗਪਗ 40 ਫ਼ੀਸਦ ਪ੍ਰਦੂਸ਼ਣ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਨਾਲ ਹੈ।
ਸ੍ਰੀ ਕੇਜਰੀਵਾਲ ਨੇ ਬਾਈਓ ਡੀਕੰਪੋਜ਼ਰ ਪ੍ਰਕਿਰਿਆ ਦਾ ਨਿਰੀਖਣ ਕਰਦਿਆਂ ਕਿਹਾ ਕਿ ਹਰ ਸਾਲ ਪਰਾਲੀ ਸਾੜਨ ਨਾਲ ਜੋ ਧੂੰਆਂ ਉੱਠਦਾ ਹੈ ਉਹ ਪ੍ਰਦੂਸ਼ਣ ਵਧਾਉਂਦਾ ਹੈ। ਮੀਡੀਆ ਰਿਪੋਰਟਾਂ ਤੇ ਸੈਟੇਲਾਈਟ ਫੋਟੋਆਂ ਦਰਸਾਉਂਦੀਆਂ ਹਨ ਕਿ ਆਲੇ ਦੁਆਲੇ ਦੇ ਰਾਜਾਂ, ਖ਼ਾਸਕਰ ਪੰਜਾਬ ਵਿਚ ਪਰਾਲੀ ਸਾੜਨ ਦੀ ਵੱਡੀ ਮਾਤਰਾ ਵਿਚ ਵਾਧਾ ਹੋ ਰਿਹਾ ਹੈ। ਇਕ ਪਾਸੇ ਕਿਸਾਨ ਖ਼ੁਦ ਵੀ ਬਹੁਤ ਨਾਖੁਸ਼ ਹੈ। ਜਦੋਂ ਕਿਸਾਨ ਪਰਾਲੀ ਨੂੰ ਸਾੜਦਾ ਹੈ ਤਾਂ ਉਸ ਨੂੰ ਖ਼ੁਦ ਬਹੁਤ ਸਾਰਾ ਪ੍ਰਦੂਸ਼ਣ ਬਰਦਾਸ਼ਤ ਕਰਨਾ ਪੈਂਦਾ ਹੈ ਤੇ ਪੂਰੇ ਪਿੰਡ ਨੂੰ ਬਹੁਤ ਪ੍ਰਦੂਸ਼ਣ ਸਹਿਣਾ ਪੈਂਦਾ ਹੈ। ਆਸ ਪਾਸ ਦੀਆਂ ਰਾਜਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਕਿਸਾਨਾਂ ਲਈ ਕੁਝ ਨਹੀਂ ਕੀਤਾ। ਇਸ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਵਾਰ ਪੂਸਾ ਇਸਟੀਚਿਊਟ ਦੇ ਸਹਿਯੋਗ ਨਾਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ, ਜਿਸ ਤਹਿਤ ਪਰਾਲੀ ਉਤੇ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ, ਜੋ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।