ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਨਾਲ ਛੇੜਛਾੜ ਕਰਨ ਵਾਲੇ ਕੇਜਰੀਵਾਲ ਸਰਕਾਰ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਜਿਸ ਢੰਗ ਨਾਲ ਦਿੱਲੀ ਵਿੱਚ 15000 ਅਧਿਆਪਕ ਬਣਾਏ ਸਨ, ਉਸੇ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਹੈ ਜਿਸ ਦਾ ਕੋਈ ਪਤਾ ਨਹੀਂ।
ਸ੍ਰੀ ਗੁਪਤਾ ਨੇ ਪੰਜਾਬ ਵਿੱਚ 8736 ਅਧਿਆਪਕਾਂ ਨੂੰ ਪੱਕਾ ਕਰਨ ਦੇ ਕੇਜਰੀਵਾਲ ਦੇ ਬਿਆਨ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪੂਰੇ ਦੇਸ਼ ਵਿੱਚ ਦਿੱਲੀ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਅਧਿਆਪਕ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਕਿਉਂਕਿ ਪਿਛਲੇ ਅੱਠ ਸਾਲਾਂ ਤੋਂ ਦਿੱਲੀ ਦੀ ਸੱਤਾ ’ਤੇ ਬੈਠੇ ਹੋਣ ਦੇ ਬਾਵਜੂਦ ਉਹ ਅਧਿਆਪਕਾਂ ਲਈ ਕੁਝ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇੱਥੋਂ ਦੇ ਅਧਿਆਪਕਾਂ ਨੂੰ ਤਨਖਾਹਾਂ ਲੈਣ ਲਈ ਵੀ ਅਦਾਲਤ ਤੱਕ ਪਹੁੰਚ ਕਰਨੀ ਪਵੇ ਤਾਂ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਹਾਲ ਹੀ ਵਿੱਚ ਦੀਨਦਿਆਲ ਉਪਾਧਿਆਏ ਕਾਲਜ ਦੇ ਅਧਿਆਪਕਾਂ ਦੀ ਤਨਖਾਹ ਵਿੱਚ ਕੀਤੀ ਗਈ ਕਟੌਤੀ ਨੇ ਅਧਿਆਪਕਾਂ ਪ੍ਰਤੀ ਕੇਜਰੀਵਾਲ ਦੀ ਰਣਨੀਤੀ ਨੂੰ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਨੁਪਾਤ ਦੇਖਿਆ ਜਾਵੇ ਤਾਂ ਇਹ ਦੇਸ਼ ਦੇ ਸਭ ਤੋਂ ਮਾੜੇ ਰਾਜਾਂ ਵਿੱਚੋਂ ਦੂਜੇ ਨੰਬਰ ’ਤੇ ਹੈ। ਅੰਕੜਿਆਂ ਅਨੁਸਾਰ ਪ੍ਰਾਇਮਰੀ ਵਿੱਚ 33 ਵਿਦਿਆਰਥੀਆਂ ਲਈ ਸਿਰਫ਼ ਇੱਕ ਅਧਿਆਪਕ ਹੈ ਅਤੇ ਅਪਰ ਪ੍ਰਾਇਮਰੀ ਜਮਾਤਾਂ ਵਿੱਚ 30 ਵਿਦਿਆਰਥੀਆਂ ਲਈ ਇੱਕ ਅਧਿਆਪਕ ਹੈ। ਕੀ ਇਸ ਸਿੱਖਿਆ ਮਾਡਲ ਨੂੰ ਅਪਣਾ ਕੇ ਦੇਸ਼ ਤਰੱਕੀ ਕਰੇਗਾ? ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦੀ ਸਿੱਖਿਆ ਪ੍ਰਣਾਲੀ ਦੇ ਢੋਲ ਵਜਾ ਰਹੇ ਹਨ ਜਦਕਿ ਪਿਛਲੇ ਸੱਤ ਸਾਲਾਂ ਵਿੱਚ ਕੇਜਰੀਵਾਲ ਨੇ ਸਰਕਾਰੀ ਸਕੂਲਾਂ ਵਿੱਚੋਂ 1.09 ਲੱਖ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਸਮੇਂ ਦੌਰਾਨ ਦਿੱਲੀ ਵਿੱਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ 3.25 ਲੱਖ ਵਧੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਧਿਆਪਕਾਂ ਦੇ ਤਿਉਹਾਰਾਂ, ਐਤਵਾਰ ਵਰਗੀਆਂ ਸਾਰੀਆਂ ਛੁੱਟੀਆਂ ਲਈ ਪੈਸੇ ਕੱਟੇ ਜਾਂਦੇ ਹਨ। ਨਾ ਤਾਂ ਉਨ੍ਹਾਂ ਨੂੰ ਟੀਏ, ਡੀਏ, ਐੱਚਆਰਏ ਮਿਲਦਾ ਹੈ ਤੇ ਨਾ ਹੀ ਛੁੱਟੀਆਂ ਮਿਲਦੀਆਂ ਹਨ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ ਹੈ। ਇਹੀ ਨਹੀਂ ਛੇ ਸਾਲਾਂ ਵਿੱਚ ਅਧਿਆਪਕਾਂ ਦੀ ਕੋਈ ਤਨਖਾਹ ਨਹੀਂ ਵਧੀ। ਉਨ੍ਹਾਂ ਕਿਹਾ ਕਿ ਆਲ ਇੰਡੀਆ ਗੈਸਟ ਟੀਚਰਜ਼ ਐਸੋਸੀਏਸ਼ਨ ਨੇ ਖੁਦ ਕੇਜਰੀਵਾਲ ਸਰਕਾਰ ’ਤੇ 22 ਹਜ਼ਾਰ ਅਧਿਆਪਕਾਂ ਨੂੰ ਪੱਕਾ ਕਰਨ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਹੈ।