ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਅਤੇ ਉਨ੍ਹਾਂ ਦੀ ਸਰਕਾਰ ਦਾ ਘੁਟਾਲਿਆਂ ਨਾਲ ਪੁਰਾਣਾ ਸਬੰਧ ਹੈ। ਸ੍ਰੀ ਸਚਦੇਵਾ ਨੇ ਕਿਹਾ ਕਿ ਜ਼ਮੀਨ ਘੁਟਾਲੇ ਨੇ 2020 ਵਿੱਚ ਪਹਿਲੀ ਵਾਰ ਕੇਜਰੀਵਾਲ ਸਰਕਾਰ ਦਾ ਪਰਦਾਫਾਸ਼ ਕੀਤਾ ਸੀ। 2020-21 ਵਿੱਚ ਦਿੱਲੀ ਜਲ ਬੋਰਡ ਵਿੱਚ ਦੋ ਕੰਪਨੀਆਂ ਦੁਆਰਾ ਬਿੱਲ ਘੁਟਾਲਾ ਕੀਤਾ ਗਿਆ ਸੀ, ਖਪਤਕਾਰ ਬਿੱਲ ਜਮ੍ਹਾ ਕਰਦੇ ਸਨ ਤੇ ਪੈਸੇ ਪ੍ਰਾਈਵੇਟ ਕੰਪਨੀਆਂ ਦੇ ਖਾਤੇ ਵਿੱਚ ਜਾਂਦੇ ਸਨ। ਕੇਜਰੀਵਾਲ ਸਰਕਾਰ ਵੱਲੋਂ 2021-22 ਵਿੱਚ ਸ਼ਰਾਬ ਕੰਪਨੀਆਂ ਦਾ ਗੱਠਜੋੜ ਬਣਾ ਕੇ ਖੇਡੀ ਗਈ ਖੇਡ ਕਾਰਨ ਅੱਜ ਅਰਵਿੰਦ ਕੇਜਰੀਵਾਲ ਖੁਦ ਜੇਲ੍ਹ ਵਿੱਚ ਹਨ। ਸ੍ਰੀ ਸਚਦੇਵਾ ਨੇ ਕਿਹਾ ਕਿ ਦਿੱਲੀ ਦੇ ਲੋਕ ਅਜੇ ਤੱਕ ਉਨ੍ਹਾਂ ਘੁਟਾਲਿਆਂ ਨੂੰ ਭੁੱਲੇ ਨਹੀਂ ਹਨ ਤੇ ਹੁਣ ਕ੍ਰਾਂਤੀਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਮਨਮਾਨੀਆਂ ਕਰਨ ਵਾਲੀਆਂ ਕੰਪਨੀਆਂ ਨੂੰ ਠੇਕੇ ਦੇਣ ਦੇ ਘੁਟਾਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ, ‘‘ਕੱਲ੍ਹ ਜਦੋਂ ਅਸੀਂ ਇਨ੍ਹਾਂ ’ਤੇ ਸਵਾਲ ਉਠਾਏ ਤਾਂ ਮੰਤਰੀ ਸੌਰਭ ਭਾਰਦਵਾਜ ਨੇ ਗੁਮਰਾਹਕੁੰਨ ਬਿਆਨ ਦਿੱਤੇ।’’ ਉਨ੍ਹਾਂ ਕਿਹਾ ਕਿ ਇਧਰ ਉਧਰ ਗੱਲ ਕਰਨ ਦੀ ਬਜਾਏ ਸਕੂਲ ਆਫ ਐਕਸੀਲੈਂਸ ਸਥਾਪਤ ਕਰਨ ਦਾ ਠੇਕਾ ਬੋਸਟਨ ਕੰਸਲਟਿੰਗ ਗਰੁੱਪ ਨੂੰ ਦਿੱਤਾ ਸੀ। ਇਸ ’ਤੇ ਸ੍ਰੀਮਤੀ ਆਤਿਸ਼ੀ ਨੂੰ ਦੱਸਣਾ ਚਾਹੀਦਾ ਹੈ ਕਿਉਂ ਉੱਚੀ ਬੋਲੀ ਦਾ ਠੇਕਾ ਕੰਪਨੀ ਨੂੰ ਦਿੱਤਾ ਗਿਆ ਸੀ ਤੇ ਸੀਮਾ ਬਾਂਸਲ ਅਤੇ ਆਮ ਆਦਮੀ ਪਾਰਟੀ ਦਾ ਕੀ ਰਿਸ਼ਤਾ ਹੈ? ਮੁਦਿਤ ਗੁਪਤਾ ਤੇ ਸ਼ੁਭਮ ਗੁਪਤਾ ਨਾਲ ਆਮ ਆਦਮੀ ਪਾਰਟੀ ਦਾ ਕੀ ਰਿਸ਼ਤਾ ਹੈ ? ਸ੍ਰੀ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਅੱਜ ਸਾਡੇ ਇਨ੍ਹਾਂ ਦੋ ਸਵਾਲਾਂ ਦੇ ਜਵਾਬ ਤੁਰੰਤ ਦੇਣ ਨਹੀਂ ਤਾਂ ਸਾਡੇ ਵਰਕਰ ਦਿੱਲੀ ਸਕੱਤਰੇਤ ਵਿੱਚ ਆ ਕੇ ਜਵਾਬ ਲੈਣਗੇ।