ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜਨਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਨੂੰ ਸੁੰਦਰ ਬਣਾਉਣ ਦੇ ਉਦੇਸ਼ ਨਾਲ ‘ਦਿੱਲੀ ਨਵੀਨੀਕਰਨ ਮੁਹਿੰਮ’ ਦੀ ਸ਼ੁਰੂਆਤ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਅਧੀਨ 1,400 ਕਿਲੋਮੀਟਰ ਸੜਕਾਂ ਦੀ ਉਸਾਰੀ ਅਤੇ ਉਨ੍ਹਾਂ ਦੇ ਫੁੱਟਪਾਥਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨਹੋਲਜ਼, ਸਬਵੇਅ ਤੇ ਸੜਕਾਂ ਦੇ ਨਾਲ ਇਲੈਕਟ੍ਰਿਕ ਪੋਲਾਂ ਨੂੰ ਪਹਿਲੀ ਅਪਰੈਲ ਤੋਂ ਮੁਰੰਮਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਿੱਚ ਈ-ਸਕੂਟਰ ਲਾਂਚ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਨੁਕਸਾਨ ਦਾ 24 ਘੰਟਿਆਂ ਵਿੱਚ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਰੰਮਤ ਦਾ ਸਾਰਾ ਪ੍ਰਾਜੈਕਟ ਛੇ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਤੇ ਪਹਿਲੇ ਇੱਕ ਸਾਲ ਵਿੱਚ ਲਗਪਗ 4,500 ਕਰੋੜ ਰੁਪਏ ਖਰਚੇ ਜਾਣਗੇ। ਮੁੱਖ ਮੰਤਰੀ ਅਨੁਸਾਰ ਸੜਕਾਂ ਦੀ ਮਕੈਨੀਕਲ ਸਫ਼ਾਈ ਅਤੇ ਸਫਾਈ ਤਿੰਨ ਦਿਨਾਂ ਵਿੱਚ ਇੱਕ ਵਾਰ ਕੀਤੀ ਜਾਵੇਗੀ ਅਤੇ ਸੜਕਾਂ ‘ਤੇ ਲਗਾਏ ਪੋਸਟਰ ਅਤੇ ਬੈਨਰ ਰੋਜ਼ਾਨਾ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਕੈਮਰਿਆਂ ਨਾਲ ਲੱਗੇ ਵਾਹਨ ਪੂਰੇ ਸ਼ਹਿਰ ਵਿੱਚ ਚੱਲਣਗੇ ਅਤੇ ਅਜਿਹੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ।
ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਇੱਕ ਕੇਂਦਰੀਕ੍ਰਿਤ ਸ਼ਿਕਾਇਤ ਪ੍ਰਣਾਲੀ ਵੀ ਸਥਾਪਿਤ ਕੀਤੀ ਜਾਵੇਗੀ ਜਿੱਥੇ ਵਸਨੀਕ ਆਪਣੇ ਆਂਢ-ਗੁਆਂਢ ਬਾਰੇ ਮੁੱਦੇ ਉਠਾ ਸਕਣਗੇ। ਮੁੱਖ ਮੰਤਰੀ ਨੇ ਇੱਕ ਹੋਰ ਐਲਾਨ ਵੀ ਕੀਤਾ ਕਿ ਈ-ਸਕੂਟਰ ਜਲਦੀ ਹੀ ਦਵਾਰਕਾ ਵਿੱਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਲਾਂਚ ਕੀਤੇ ਜਾਣਗੇ ਜੋ ਬਾਅਦ ਵਿੱਚ ਪੂਰੇ ਦਿੱਲੀ ਵਿੱਚ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ, ”ਈ-ਸਕੂਟਰ ਮੈਟਰੋ ਸਟੇਸ਼ਨਾਂ, ਬੱਸ ਅੱਡਿਆਂ, ਹਸਪਤਾਲਾਂ ਸਮੇਤ ਹੋਰ ਥਾਵਾਂ ‘ਤੇ ਉਪਲਬਧ ਹੋਣਗੇ।” ਲੋਕ ਕਿਤੇ ਵੀ ਈ-ਸਕੂਟਰ ਚੁੱਕ ਸਕਦੇ ਹਨ ਤੇ ਕਿਤੇ ਵੀ ਛੱਡ ਸਕਦੇ ਹਨ। ਟਿਕਟਾਂ ਉਨ੍ਹਾਂ ਨਾਲ ਜੋੜੀਆਂ ਜਾਣਗੀਆਂ ਜੋ ਤੁਸੀਂ ਬੱਸਾਂ ਅਤੇ ਮੈਟਰੋ ਟਰੇਨਾਂ ਵਿੱਚ ਵਰਤ ਸਕਦੇ ਹੋ, ਈ-ਸਕੂਟਰ ਹੈਲਮੇਟ ਦੇ ਨਾਲ ਆਉਣਗੇ ਅਤੇ ਇੱਕ ਚਾਰਜ ਨਾਲ 60 ਕਿਲੋਮੀਟਰ ਤੱਕ ਚੱਲਣਗੇ।” ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜਾਂ ਵਿੱਚ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਯਤਨਸ਼ੀਲ ਹੈ।