ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ‘ਦਿੱਲੀ ਚੱਲੋ’ ਅੰਦੋਲਨ ਤਹਿਤ ਕਿਸਾਨਾਂ ਨੂੰ ਹਰਿਆਣਾ ਅਤੇ ਦਿੱਲੀ ਦੀ ਸਰਹੱਦ ’ਤੇ ਰੋਕਿਆ ਜਾ ਰਿਹਾ ਹੈ। ਬੁੱਧਵਾਰ ਨੂੰ ਪੁਲੀਸ ਕਾਰਵਾਈ ਦੌਰਾਨ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਦੇੜਨ ਦੀ ਕੋਸ਼ਿਸ਼ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਰਾ ਮਨਾਇਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਲਈ ਆਉਣ ਵਾਲੇ ਕਿਸਾਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਕੇਜਰੀਵਾਲ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ, ‘ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਇਸ ਬਿੱਲ ਨੂੰ ਵਾਪਸ ਲੈਣ ਦੀ ਬਜਾਏ, ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਨ੍ਹਾਂ ’ਤੇ ਜਲ ਤੋਪਾਂ (ਵਾਟਰ ਕੈਨਨ) ਚਲਾਈਆਂ ਜਾ ਰਹੀਆਂ ਹਨ। ਇਹ ਜੁਰਮ ਕਿਸਾਨਾਂ ’ਤੇ ਬਿਲਕੁਲ ਗਲਤ ਹੈ। ਸ਼ਾਂਤਮਈ ਪ੍ਰਦਰਸ਼ਨ ਕਰਨਾ ਉਸਦਾ ਸੰਵਿਧਾਨਕ ਅਧਿਕਾਰ ਹੈ।’
ਹਰਿਆਣਾ ਸਰਕਾਰ ਨੇ ਭਾਰਤੀ ਸੰਵਿਧਾਨ ਨੂੰ ਸ਼ਰਮਸਾਰ ਕੀਤਾ: ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਨੂੰ ਰੋਕ ਕੇ ਭਾਰਤ ਦੇ ਸੰਵਿਧਾਨ ਨੂੰ ਸ਼ਰਮਸਾਰ ਕੀਤਾ ਹੈ। ਸਿਰਸਾ ਨੇ ਕਿਹਾ ਕਿ ਅੱਜ ਸੰਵਿਧਾਨ ਦਿਵਸ ਹੈ ਤੇ ਅੱਜ ਦੇ ਦਿਨ ਭਾਰਤ ਨੇ ਆਪਣੇ ਸੰਵਿਧਾਨ ਨੂੰ ਅਪਣਾਇਆ ਸੀ, ਜਿਸ ਵਿਚ ਸਭ ਨੂੰ ਆਪਣੀ ਗੱਲ ਰੱਖਣ ਦਾ ਬਰਾਬਰ ਦਾ ਅਧਿਕਾਰ ਦਿੱਤਾ ਹੋਇਆ ਹੈ ਪਰ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਪੁਲੀਸ ਰਾਹੀਂ ਕਿਸਾਨਾਂ ਨੂੰ ਆਪਣੀ ਆਵਾਜ਼ ਰੱਖਣ ਤੋਂ ਰੋਕਿਆ, ਉਨ੍ਹਾਂ ’ਤੇ ਡਾਂਗਾ ਵਰ੍ਹਾਈਆਂ, ਹੰਝੂ ਗੈਸ ਦੇ ਗੋਲੇ ਛੱਡੇ ਤੇ ਜਲ ਤੋਪਾਂ ਨਾਲ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਹ ਹਮਲੇ ਸਿਰਫ ਇਸ ਕਰ ਕੇ ਕੀਤੇ ਕਿਉਂਕਿ ਉਹ ਕਿਸਾਨਾਂ ਨੂੰ ਕੇਂਦਰ ਖਿਲਾਫ਼ ਦਿੱਲੀ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਣਾ ਚਾਹੁੰਦੀ ਸੀ, ਜਦਕਿ ਕਿਸਾਨ ਆਪਣੇ ਹੱਕਾਂ ਵਾਸਤੇ ਕੇਂਦਰ ਖਿਲਾਫ਼ ਦਿੱਲੀ ਪ੍ਰਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਹਨ ਤੇ ਇਹ ਪ੍ਰਦਰਸ਼ਨ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ਼ ਸੀ।
ਆਲ ਇੰਡੀਆ ਤਾਲਮੇਲ ਕਮੇਟੀ ਵੱਲੋਂ ਕਿਸਾਨਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ
ਕਿਸਾਨ ਅੰਬਾਲਾ ਦੀ ਸ਼ੰਭੂ ਤੇ ਕੁਰੂਕੁਸ਼ੇਤਰ ਦੀ ਪਿਪਲੀ ਮੰਡੀ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਵੱਲ ਤੁਰ ਪਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਮ ਤੱਕ 50 ਹਜ਼ਾਰ ਦੇ ਕਰੀਬ ਕਿਸਾਨ ਦਿੱਲੀ ਦੀ ਸਰਹੱਦ ’ਤੇ ਖੜ੍ਹੇ ਹੋ ਜਾਣਗੇ। ਤਾਲਮੇਲ ਕਮੇਟੀ ਨੇ ਮੇਧਾ ਪਾਟਕਰ, ਪ੍ਰਤਿਭਾ ਸ਼ਿੰਦੇ, ਯੋਗਿੰਦਰ ਯਾਦਵ, ਕ੍ਰਿਸ਼ਨਾ ਪ੍ਰਸਾਦ ਅਤੇ ਹੋਰ ਆਗੂਆਂ ਦੀ ਨਿਰੰਤਰ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਸਾਰੇ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਤਾਲਮੇਲ ਕਮੇਟੀ ਨੇ ਕਿਹਾ ਕਿ ਆਰਐੱਸਐੱਸ-ਬੀਜੇਪੀ ਦੀ ਹਰਿਆਣਾ ਵਿਰੋਧੀ ਲੋਕ-ਸੰਵੇਦਨਸ਼ੀਲ ਸਰਕਾਰ ਵੱਲੋਂ ਲਾਠੀਚਾਰਜ, ਠੰਡੇ ਪਾਣੀ ਤੇ ਅੱਥਰੂ ਗੈਸ ਦੇ ਹਮਲੇ ਨੂੰ ਤੇ ਬੈਰੀਕੇਡਾਂ ਨੂੰ ਪਾਰ ਕਰ ਕੇ ਕਿਸਾਨ ਦਿੱਲੀ ਵੱਲ ਤੁਰ ਪਏ ਹਨ। ਤਾਲਮੇਲ ਕਮੇਟੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਰਾਜ ਸਰਕਾਰ ਨੇ ਰਾਮਪੁਰ ਦੇ ਵਿਲਾਸਪੁਰ ਮੋੜ ’ਤੇ ਤਕਰੀਬਨ 2000 ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।