ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਨਵੀਂ ਆਬਕਾਰੀ ਨੀਤੀ ਵਿੱਚ ਬਦਲਾਅ ਸਿਰਫ਼ ਸਿਆਸੀ ਤੇ ਆਰਥਿਕ ਲਾਭ ਲਈ ਕੀਤਾ ਹੈ। ਇਸ ਬਦਲਾਅ ਕਾਰਨ ਜਿੱਥੇ ਦਿੱਲੀ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ, ਉੱਥੇ ਹੀ ਸ਼ਰਾਬ ਮਾਫੀਆ ਨੂੰ ਕਰੋੜਾਂ ਦਾ ਲਾਭ ਹੋਇਆ। ਪ੍ਰੈੱਸ ਕਾਨਫਰੰਸ ‘ਚ ਸ੍ਰੀ ਗੁਪਤਾ ਨੇ ਕਿਹਾ ਕਿ ਸਰਕਾਰ ਨੂੰ ਆਬਕਾਰੀ ਨੀਤੀ ‘ਚ ਬਦਲਾਅ ਕਾਰਨ 3000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਦਕਿ ਸ਼ਰਾਬ ਮਾਫੀਆ ਤੋਂ ਮਿਲਿਆ ਪੈਸਾ ਪੰਜਾਬ ਚੋਣਾਂ ‘ਚ ਖਰਚ ਕੀਤਾ ਗਿਆ ਹੈ। ਸ੍ਰੀ ਗੁਪਤਾ ਨੇ ਕੇਜਰੀਵਾਲ ‘ਤੇ ਭਾਜਪਾ ਦੇ ਸਵਾਲਾਂ ਤੋਂ ਬਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਸਿਆਸੀ ਲਾਹੇ ਲਈ ਵਿਧਾਨ ਸਭਾ ਸੈਸ਼ਨ ਬੁਲਾਇਆ, ਜਿਸ ‘ਚ ਦਿੱਲੀ ਦੀਆਂ ਸਮੱਸਿਆਵਾਂ ‘ਤੇ ਚਰਚਾ ਕਰਨ ਦੀ ਬਜਾਏ ਸਿਰਫ ਆਪਣੀ ਸਰਕਾਰ ਦੀ ਤਾਰੀਫ ‘ਚ ਝੂਠੇ ਸ਼ਬਦ ਪੜ੍ਹੇ। ਕੇਜਰੀਵਾਲ ਸਰਕਾਰ ਨੂੰ ਸਵਾਲ ਪੁੱਛਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ 2019-20 ਵਿੱਚ ਜਦੋਂ ਪੁਰਾਣੀ ਸ਼ਰਾਬ ਨੀਤੀ ਲਾਗੂ ਸੀ ਤਾਂ ਹਰ ਮਹੀਨੇ 132 ਲੱਖ ਲਿਟਰ ਸ਼ਰਾਬ ਵਿਕਦੀ ਸੀ ਅਤੇ ਸਰਕਾਰ ਨੂੰ 5068 ਕਰੋੜ ਰੁਪਏ ਦਾ ਮਾਲੀਆ ਆਉਂਦਾ ਸੀ, ਪਰ ਜਿਵੇਂ ਹੀ ਨਵੀਂ ਸ਼ਰਾਬ ਨੀਤੀ ਲਾਗੂ ਹੋਈ, ਸ਼ਰਾਬ ਦੀ ਵਿਕਰੀ ਵਧੀ, ਦੁੱਗਣਾ ਵਾਧਾ ਹੋਇਆ ਯਾਨੀ 245 ਲੱਖ ਲਿਟਰ ਪ੍ਰਤੀ ਮਹੀਨਾ ਸ਼ਰਾਬ ਵਿਕਦੀ ਸੀ, ਪਰ ਮਾਲੀਆ ਘਟ ਕੇ 4465 ਕਰੋੜ ਰੁਪਏ ਰਹਿ ਗਿਆ। ਉਨ੍ਹਾਂ ਕਿਹਾ ਕਿ ਮਾਲੀਆ ਅਤੇ ਵਿਕਰੀ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਇਸ ਲਈ ਵਿਕਰੀ ਵਿੱਚ ਵਾਧਾ ਅਤੇ ਮਾਲੀਏ ਵਿੱਚ ਗਿਰਾਵਟ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਸਬੂਤ ਹੈ।