ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਦਿਆਲ ਸਿੰਘ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਸਾਵਣ ਕਵੀ ਦਰਬਾਰ ਲਗਾਇਆ ਗਿਆ। ਇਸ ਕਵੀ ਦਰਬਾਰ ਵਿਚ ਸਾਹਿਤ ਜਗਤ ਦੇ ਕਈ ਨਾਮਵਰ ਕਵੀਆਂ ਨੇ ਸ਼ਿਰਕਤ ਕੀਤੀ। ਉਦਘਾਟਨੀ ਸੈਸ਼ਨ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਵਿਨੋਦ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਲਈ ਕਾਲਜ ਵੱਲੋਂ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਤੋਂ ਬਾਅਦ ਡਾ. ਕਮਲਜੀਤ ਸਿੰਘ ਨੇ ਪ੍ਰੋਗਰਾਮ ਦੀ ਰੂਪ-ਰੇਖਾ ਰੱਖਦਿਆਂ ਵਿਭਾਗ ਦੀਆਂ ਹੋਣ ਵਾਲੀਆਂ ਹੋਰਾਂ ਗਤੀਵਿਧੀਆਂ ਨਾਲ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਕਾਲਜ ਦੇ ਚੇਅਰਮੈਨ ਸੰਜੀਵ ਆਨੰਦ ਨੇ ਆਪਣੇ ਵਡਮੁੱਲੇ ਵਿਚਾਰਾਂ ਨੂੰ ਸਾਂਝਾ ਕਰਦਿਆਂ ਆਪਣੇ ਦੁਆਰਾ ਲਿਖੇ ਗਏ ਗੀਤਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਤੇ ਆਪਣੇ ਹੀ ਅੰਦਾਜ਼ ਵਿਚ ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਇਕਮਿਕ ਕਰ ਲਿਆ। ਇਸ ਤੋਂ ਬਾਅਦ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਕੁਲਵੀਰ ਗੋਜਰਾ ਹੋਰਾਂ ਨੇ ਕਵਿਤਾ ਕੀ ਹੈ ? ਨੂੰ ਆਪਣੇ ਅੰਦਾਜ਼ ਵਿਚ ਬਿਆਨ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਅੰਦਾਜ਼ ਵਿਚ ਕਵਿਤਾ ਸੁਣਾਂ ਕੇ ਸਰੋਤਿਆਂ ਨੂੰ ਕੀਲ ਦਿੱਤਾ। ਇਸ ਤੋਂ ਇਲਾਵਾ ਸੱਦੇ ਗਏ ਕਵੀਆਂ ਕਰਨਜੀਤ ਕੋਮਲ, ਸਰਨਜੀਤ ਕੌਰ ਅਨਹਦ, ਤਰਿੰਦਰ ਕੌਰ, ਬਲਵਿੰਦਰ ਸਿਘ, ਹਰਜੀਤ ਕੌਰ ਵਿਰਦੀ, ਡਾ. ਰਤਨਦੀਪ ਕੌਰ ਨੇ ਆਪਣੀਆਂ ਸੱਜਰੀਆਂ ਕਵਿਤਾਵਾਂ ਰਾਹੀਂ ਆਪਣੇ ਅੰਦਾਜ਼ ਵਿਚ ਰੰਗ ਬੰਨ੍ਹਿਆਂ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਹਰਮੀਤ ਕੌਰ ਨੇ ਬਾਖੂਬੀ ਕੀਤਾ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਕਾਲਜ ਦੇ ਅਧਿਆਪਕਾਂ, ਬੁੱਧੀਜੀਵੀਆਂ, ਕਾਲਜ ਸਟਾਫ਼, ਪਤਵੰਤੇ ਸੱਜਣਾਂ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।