ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਨਵੰਬਰ
ਭਾਰਤ ਦੇ ਵਪਾਰੀਆਂ ਅਤੇ ਲੋਕਾਂ ਲਈ ਇਹ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਹੈ ਕਿ ਐਮਾਜ਼ੋਨ ਈ-ਕਾਮਰਸ ਪੋਰਟਲ ਰਾਹੀਂ 1 ਕਰੋੜ ਰੁਪਏ ਤੋਂ ਵੱਧ ਦੀ ਭੰਗ ਵੇਚੀ ਗਈ, ਜਿਸ ਲਈ ਐਮਾਜ਼ਨ ਨੂੰ 66 ਫ਼ੀਸਦ ਕਮਿਸ਼ਨ ਮਿਲਿਆ ਹੈ। ਇਹ ਸਨਸਨੀਖੇਜ਼ ਖੁਲਾਸਾ ਮੱਧ ਪ੍ਰਦੇਸ਼ ਪੁਲੀਸ ਨੇ ਕੀਤਾ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਇਸ ਗੰਭੀਰ ਮੁੱਦੇ ’ਤੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੂੰ ਐਮਾਜ਼ੋਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਅਨੁਸਾਰ ਇਸ ਨੇ ਵਿਕਰੇਤਾ ਵਜੋਂ ਕੰਮ ਕੀਤਾ, ਪੈਸੇ ਇਕੱਠੇ ਕੀਤੇ, ਆਪਣੀ ਵੈਬਸਾਈਟ ’ਤੇ ਪੋਸਟ ਕੀਤੇ ਤੇ ਕਮਿਸ਼ਨ ਕਮਾਇਆ। ਐਮਾਜ਼ੋਨ ’ਤੇ ਲਗਾਏ ਗਏ ਦੋਸ਼ ਗੰਭੀਰ ਹਨ, ਇਸ ਲਈ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕੈਟ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਐਮਾਜ਼ੋਨ ਨੂੰ ਭੰਗ ਵਰਗੀਆਂ ਗੈਰਕਾਨੂੰਨੀ ਚੀਜ਼ਾਂ ਦੀ ਵਿਕਰੀ ਦੀ ਆਗਿਆ ਨਹੀਂ ਦੇਣੀ ਚਾਹੀਦੀ ਸੀ। ਖੰਡੇਲਵਾਲ ਨੇ ਸਰਕਾਰ ਤੇ ਐੱਨਸੀਬੀ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਗੈਰਕਾਨੂੰਨੀ ਲਈ ਐਮਾਜ਼ਨ ਅਤੇ ਇਸਦੇ ਉੱਚ ਪ੍ਰਬੰਧਨ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਜੇਕਰ ਉਨ੍ਹਾਂ ਦੇ ਪੋਰਟਲ ਰਾਹੀਂ ਗਾਂਜਾ ਵੇਚਿਆ ਜਾ ਸਕਦਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ ਜਾਂ ਹੋਰ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਮਨੀ ਲਾਂਡਰਿੰਗ ਦਾ ਕਾਰੋਬਾਰ ਵੀ ਇਨ੍ਹਾਂ ਦੇ ਪੋਰਟਲ ਰਾਹੀਂ ਕੀਤਾ ਜਾਵੇਗਾ।