ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਉਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਖੇਤਰ ਵਿੱਚ ਇੱਕ 40 ਸਾਲਾ ਕਾਰੋਬਾਰੀ ਨੇ ਆਪਣੇ ਕਾਰੋਬਾਰ ਵਿੱਚ ਹੋਏ ਘਾਟੇ ਕਾਰਨ ਕਥਿਤ ਤੌਰ ’ਤੇ ਪਤਨੀ ਅਤੇ ਨਾਬਾਲਗ ਧੀਆਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਡੀਸੀਪੀ ਨੇ ਕਿਹਾ ਕਿ ਵਪਾਰੀ ਇਸਰਾਰ ਦੇ ਜੀਜਾ ਤੋਂ ਵੀ ਆਈਪੀਐੱਲ ਸੱਟੇਬਾਜ਼ੀ ’ਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਮੈਚਾਂ ’ਤੇ ਉਹ ਸੱਟੇਬਾਜ਼ੀ ਵਿੱਚ ਸ਼ਾਮਲ ਹੋਣ ਕਾਰਨ ਕਰੋੜਾਂ ਰੁਪਏ ਦਾ ਕਰਜ਼ਾਈ ਹੋ ਗਿਆ ਸੀ। ਇਸਰਾਰ ਅਹਿਮਦ ਨੇ ਕਥਿਤ ਤੌਰ ’ਤੇ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਆਪਣੇ ਬੈੱਡਰੂਮ ਦੇ ਅੰਦਰ ਪਤਨੀ ਫਰੀਨਾ ਪ੍ਰਵੀਨ (35) ਅਤੇ ਧੀਆਂ ਯਸ਼ਫੀਕਾ (11) ਅਤੇ ਇਨਾਇਆ (9) ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਸ਼ੁੱਕਰਵਾਰ ਸਵੇਰੇ ਖ਼ੁਦਕੁਸ਼ੀ ਕਰ ਲਈ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰ ਪੂਰਬ) ਸੰਜੇ ਸੈਨ ਨੇ ਕਿਹਾ ਕਿ ਇਸਰਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੀਮੀਅਰ ਲੀਗ ਕ੍ਰਿਕਟ ’ਤੇ ਸੱਟੇਬਾਜ਼ੀ ਦੇ ਨਾਲ-ਨਾਲ ਆਪਣੇ ਕਾਰੋਬਾਰ ’ਚ ਹੋਏ ਨੁਕਸਾਨ ਕਾਰਨ ਉਹ ਕਰੋੜਾਂ ਰੁਪਏ ਦੇ ਕਰਜ਼ੇ ’ਚ ਡੁੱਬਿਆ ਹੋਇਆ ਸੀ। ਉਸ ਨੇ ਆਪਣੀਆਂ ਕੁਝ ਜਾਇਦਾਦਾਂ ਵੀ ਵੇਚ ਦਿੱਤੀਆਂ ਸਨ। ਪੁਲੀਸ ਨੇ ਕਿਹਾ ਕਿ ਉਸ ਨੇ ਪਹਿਲਾਂ ਸਾਊਦੀ ਅਰਬ ਵਿੱਚ ਇੱਕ ਦੁਕਾਨ ਚਲਾਈ ਸੀ ਤੇ 2018 ਵਿੱਚ ਵਾਪਸ ਆਉਣ ਤੋਂ ਬਾਅਦ ਮੁੰਬਈ ਵਿੱਚ ਜੀਨਸ ਦਾ ਕਾਰੋਬਾਰ ਸਥਾਪਤ ਕੀਤਾ ਸੀ, ਜਦੋਂ ਉਹ ਸਾਊਦੀ ਅਰਬ ਵਿੱਚ ਸੀ ਤਾਂ ਵੀ ਉਹ ਆਈਪੀਐਲ ਮੈਚਾਂ ’ਤੇ ਸੱਟਾ ਲਗਾਉਂਦਾ ਸੀ।