ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਦਸੰਬਰ
ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੇ ਇਕ ਵਾਰ ਫਿਰ ਸਿੱਖਾਂ ’ਤੇ ਵਿਵਾਦਪੂਰਨ ਬਿਆਨ ਦੇ ਕੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਕਿਸਾਨ ਸੰਘਰਸ਼ ਦੌਰਾਨ ਇਕ 80 ਸਾਲਾ ਬਜ਼ੁਰਗ ਮਹਿਲਾ ਪ੍ਰਦਰਸ਼ਨਕਾਰੀ ਨੂੰ ਵਿਕਾਊ ਕਹਿਣ ਦੇ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਯੂਥ ਵਿੰਗ ਨੇ ਕਾਨੂੰਨੀ ਦਰਵਾਜ਼ਾ ਖੜਕਾਇਆ ਹੈ ਅਤੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਵੱਲੋਂ ਭੇਜਿਆ ਗਿਆ ਹੈ। ਯੂਥ ਵਿੰਗ ਦੇ ਮੁਖੀ ਨੇ ਕਿਹਾ ਕਿ ਅੱਜ ਦੀਆਂ ਅਭਿਨੇਤਰੀਆਂ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਉਹ ਬਿਆਨ ਦੇ ਰਹੇ ਹਨ, ਤਾਂ ਉਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਣੇ ਚਾਹੀਦੇ ਜਿਸ ਨਾਲ ਖਾਸ ਜਾਤੀ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ। ਸੋਨੂੰ ਨੇ ਅੱਗੇ ਕਿਹਾ ਕਿ ਕੰਗਨਾ ਦਾ ਸਿੱਖ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ਵਿੱਚ ਵਿਕਣ ਵਾਲਾ ਬੋਲਣਾ ਇੱਕ ਤੰਗ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕੰਗਨਾ ਦੇ ਬਿਆਨ ਨੂੰ ਕੁੱਝ ਜਾਣਕਾਰ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹੋਣ ਅਤੇ ਧਿਆਨ ਹਟਾਉਣ ਦੀ ਸਾਜਿਸ਼ ਦੱਸ ਰਹੇ ਹਨ।