ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਗੜੇ ਲਾਏ। ਉਨ੍ਹਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਸਿੱਖਾਂ ਦੇ ਹਰ ਮਸਲੇ ’ਤੇ ਮਿਸਟਰ ਯੂ-ਟਰਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਆਪਣੇ ਆਕਾ ਦੇ ਹਰ ਝੂਠ ’ਚ ਸ਼ਾਮਲ ਹੈ। ਦੋਵਾਂ ਆਗੂਆਂ ਨੇ 1984 ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦੇ ਮੁੜ ਵਸੇਬੇ ਲਈ ਬਣਾਈ ਗਈ ਤਿਲਕ ਵਿਹਾਰ ਕਲੋਨੀ ਦੇ ਘਰਾਂ ’ਚ 5-5 ਲੱਖ ਰੁਪਏ ਬਿਜਲੀ ਦੇ ਬਿੱਲ ਆਉਣ ’ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਜਦੋਂ ਕੇਜਰੀਵਾਲ ਨੇ ਸਿੱਖਾਂ ਕੋਲੋਂ ਵੋਟਾਂ ਲੈਣੀਆਂ ਸਨ ਤਾਂ ਉਨ੍ਹਾਂ ਨੇ ਤਿਲਕ ਵਿਹਾਰ ਦੇ ਹਰ ਫਲੈਟ ’ਚ 400 ਯੂਨਿਟ ਮੁਫ਼ਤ ਬਿਜਲੀ ਦੇਣ ਅਤੇ ਪਿਛਲੇ ਬਕਾਇਆ ਬਿੱਲ ਮੁਆਫ਼ ਕੀਤੇ ਜਾਣ ਦਾ ਐਲਾਨ ਕੀਤਾ ਸੀ। ਜਦੋਂ ਸਰਕਾਰ ਬਣ ਗਈ ਤਾਂ ਆਪਣੇ ਕੀਤੇ ਵਾਅਦੇ ਤੋਂ ਹੁਣ ਮੁਨਕਰ ਹੋ ਗਏ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ ਮਾਮਲੇ ’ਚ ਤਿਲਕ ਵਿਹਾਰ ਦੀਆਂ ਵਿਧਵਾਵਾਂ ਦੇ ਪੱਖ ’ਚ ਕਾਨੂੰਨੀ ਲੜਾਈ ਲੜਨ ਦਾ ਵੀ ਭਰੋਸਾ ਦਿਵਾਇਆ ਗਿਆ ।
ਕਾਹਲੋਂ ਨੇ ਤਿਲਕ ਵਿਹਾਰ ਦੇ ਵਾਸੀਆਂ ਦੇ ਬਿਜਲੀ ਦੇ ਬਿੱਲ ਮਾਫ਼ ਨਹੀਂ ਕਰਨ ਅਤੇ ਇਸ ਕਲੋਨੀ ਦੇ ਫਲੈਟਾਂ ਦਾ ਮਾਲਕਾਨਾ ਹੱਕ ਛੇਤੀ ਨਾ ਮਿਲਣ ਦੀ ਸੂਰਤ ’ਚ ਕੇਜਰੀਵਾਲ ਦੇ ਘਰ-ਦਫ਼ਤਰ ਮੂਹਰੇ ਵਿਸ਼ਾਲ ਰੋਸ ਵਿਖਾਵਾ ਕਰਨ ਦਾ ਚਿਤਾਵਨੀ ਦਿੱਤੀ। ਦੋਵਾਂ ਆਗੂਆਂ ਨੇ ਵਿਧਾਇਕ ਜਰਨੈਲ ਸਿੰਘ ’ਤੇ ਵਿਧਵਾਵਾਂ ਨੂੰ ਤੰਗ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹੋ ਨਹੀਂ ਬੀਤੇ ਦਿਨੀਂ ਤਿਲਕ ਵਿਹਾਰ ਦੀ ਇਕ ਵਿਧਵਾ ਬਬਲੀ ਕੌਰ ਨੂੰ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ’ਤੇ ਜੇਲ੍ਹ ’ਚ ਵੀ ਡੱਕ ਦਿੱਤਾ ਗਿਆ ਜਿਸ ਨੂੰ 2 ਦਿਨ ਬਾਅਦ ਜ਼ਮਾਨਤ ’ਤੇ ਰਿਹਾਅ ਕਰਵਾਇਆ ਗਿਆ ।