ਪੱਤਰ ਪ੍ਰੇਰਕ
ਨਵੀਂ ਦਿੱਲੀ 9 ਫਰਵਰੀ
ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਸਰਨਾ ਤੇ ਮਨਜੀਤ ਸਿੰਘ ਜੀਕੇ ਵਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਬੰਧ ਵਿੱਚ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਸਰਨਾ ਨੇ 2013 ਵਿੱਚ ਦਿੱਲੀ ਕਮੇਟੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਕਰਤਾਰ ਸਿੰਘ ਕੋਛੜ ਰਾਹੀਂ ਅਦਾਲਤ ਵਿੱਚ ਇਕ ਕੇਸ ਪਾਇਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਇਕ ਵੱਖਰੀ ਸੰਸਥਾ ਹੈ ਤੇ ਦਿੱਲੀ ਕਮੇਟੀ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਜਿਹੜਾ ਬਾਅਦ ਵਿੱਚ ਉਹ ਕੇਸ ਹਾਰ ਗਏ ਸਨ। ਕਾਲਕਾ ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਮੌਜੂਦਾ ਕਮੇਟੀ ਨੇ ਹਾਈ ਕੋਰਟ ਵਿੱਚ ਅਪੀਲ ਪਾਈ ਹੈ। ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਸਰਨਾ ਭਰਾ 2006 ਤੋਂ 2013 ਤੱਕ ਬੱਚਿਆਂ ਦੇ ਮਾਪਿਆਂ ਤੋਂ 6ਵੇਂ ਪੇਅ ਕਮਿਸ਼ਨ ਦੇ ਹਿਸਾਬ ਨਾਲ ਫੀਸਾਂ ਲੈਂਦੇ ਰਹੇ ਪਰ ਸਟਾਫ ਨੂੰ ਤਨਖਾਹ 6ਵੇਂ ਪੇਅ ਕਮਿਸ਼ਨ ਦੇ ਹਿਸਾਬ ਨਾਲ ਨਹੀਂ ਦਿੱਤੀ। ਇਸ ਕਰਕੇ ਸਕੂਲਾਂ ’ਤੇ ਕਰੋੜਾਂ ਰੁਪਏ ਦਾ ਭਾਰ ਪੈ ਗਿਆ। ਕਾਹਲੋਂ ਨੇ ਦੱਸਿਆ ਕਿ ਜਦ 2013 ਵਿੱਚ ਸੰਗਤਾਂ ਵੱਲੋਂ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਕਮੇਟੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਉਦੋਂ ਸਰਨਾ ਕਮੇਟੀ ਤਕਰੀਬਨ 92 ਕਰੋੜ ਰੁਪਏ ਛੱਡ ਕੇ ਗਏ ਅਤੇ ਨਾਲ ਹੀ 180 ਕਰੋੜ ਰੁਪਏ ਦਿੱਲੀ ਕਮੇਟੀ ’ਤੇ ਕਰਜ਼ਾ ਛੱਡ ਕੇ ਗਏ। ਬਾਲਾ ਸਾਹਿਬ ਹਸਪਤਾਲ ਵਾਪਸ ਲੈਣ ਲਈ 13.5 ਕਰੋੜ ਰੁਪਇਆ ਦਿੱਲੀ ਕਮੇਟੀ ਨੇ ਅਦਾ ਕੀਤੇ।
ਗੁਰੂ ਹਰਿਕ੍ਰਿਸ਼ਨ ਸੁਸਾਇਟੀ ਦੇ ਮਾਮਲੇ ਵਿੱਚ ਅਸੀਂ ਹਾਰੇ ਨਹੀਂ: ਕੋਛੜ
ਉੱਧਰ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸੁਸਾਇਟੀ ਦੇ ਮਾਮਲੇ ਵਿੱਚ ਉਹ ਮਾਮਲਾ ਹਾਰੇ ਨਹੀਂ ਸਨ ਸਗੋਂ ਉਨ੍ਹਾਂ (ਕੋਛੜ) ਦਾ ਜਨਰਲ ਸਕੱਤਰ ਵੱਜੋਂ ਪਾਰੀ ਪੂਰੀ ਹੋ ਗਈ ਸੀ। ਇਸ ਕਰਕੇ ਕੋਈ ਫ਼ੈਸਲਾ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਹਾਲਤਾਂ ਵਿੱਚੋਂ ਬਾਹਰ ਕੱਢਣ ਸਾਰਥਕ ਕਦਮ ਪੁੱਟੇ ਜਾਣ।