ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅੱਜ 80 ਕਰੋੜ ਲੋਕਾਂ ਨੂੰ 5 ਕਿਲੋਗ੍ਰਾਮ ਅੰਨ ਪ੍ਰਤੀ ਵਿਅਕਤੀ ਕਣਕ ਜਾਂ ਚਾਵਲ ਅਤੇ ਇੱਕ ਕਿਲੋ ਦਾਲ ਮੁਫ਼ਤ ਮਿਲਦੀ ਹੈ ਅਤੇ ਇਹ ਸਕੀਮ ਮਾਰਚ 2020 ਵਿੱਚ ਸ਼ੁਰੂ ਕੀਤੀ ਗਈ ਸੀ, ਜੋ ਹੁਣ ਤੱਕ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਕਰੋਨਾ ਦੇ ਦੌਰ ਵਿੱਚ ਦੇਖਣ ਨੂੰ ਮਿਲਿਆ, ਜਦੋਂ ਕੋਵਿਡ ਕਾਰਨ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਪਰ ਇਸ ਦੇ ਬਾਵਜੂਦ ਇਸ ਸਕੀਮ ਤਹਿਤ ਹਰ ਵਿਅਕਤੀ ਨੂੰ ਘਰ ਵਿੱਚ ਦੋ ਵਕਤ ਦੀ ਰੋਟੀ ਆਰਾਮ ਨਾਲ ਮਿਲ ਰਹੀ ਸੀ।
ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਮੌਜੂਦਗੀ ਦੌਰਾਨ ਗਾਂਧੀ ਨਗਰ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਨੂੰ ਰਾਸ਼ਨ ਵੰਡਦੇ ਹੋਏ ਜੇਪੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਨਾਲ ਕਰੋਨਾ ਦੇ ਦੌਰ ਵਿੱਚ ਦੇਸ਼ ਵਿੱਚ ਗਰੀਬੀ ਨਹੀਂ ਵਧਣ ਦਿੱਤੀ। ਨੱਢਾ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਤੋਂ ਸਿੱਖਣਾ ਚਾਹੀਦਾ ਹੈ ਕਿ ਜਦੋਂ ਕੋਈ ਵੀ ਬਿਮਾਰੀ ਜਾਂ ਮਹਾਮਾਰੀ ਆਉਂਦੀ ਹੈ ਤਾਂ ਉਸ ਨੂੰ ਸਿਰਫ਼ ਦਵਾਈ ਦੇਣੀ ਹੀ ਜ਼ਰੂਰੀ ਨਹੀਂ ਹੁੰਦੀ ਹੈ, ਸਗੋਂ ਦਵਾਈ ਦੇ ਨਾਲ-ਨਾਲ ਲੋਕਾਂ ਨੂੰ ਵਿੱਤੀ ਤੌਰ |ਤੇ ਮਦਦ ਕਰਨਾ ਵੀ ਜ਼ਰੂਰੀ ਹੈ।