ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਨੇ ਪੱਤਰਕਾਰ ਤਰੁਣ ਸਿਸੋਦੀਆ ਖ਼ੁਦਕੁਸ਼ੀ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ ਤੇ ਕਿਹਾ ਕਿ ਇਕ ਕੋਵਿਡ ਮਰੀਜ਼ ਸੁਰੱਖਿਆ ਅਮਲੇ ਦੇ ਹੁੰਦੇ ਹੋਏ ਏਮਜ਼ ਦੀ ਪਹਿਲੀ ਮੰਜ਼ਿਲ ਤੋਂ ਚੌਥੀ ਮੰਜ਼ਿਲ ਤੱਕ ਪਹੁੰਚ ਕੇ ਕਿਵੇਂ ਅਜਿਹਾ ਕਦਮ ਪੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਹੀ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ ਕਿ ਕਿਤੇ ਉਸ ਦੀ ਖ਼ੁਦਕੁਸ਼ੀ ਵਿੱਚ ਕਿਸੇ ਦਾ ਹੱਥ ਤਾਂ ਨਹੀਂ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਸਿਸੋਦੀਆ ਵੱਲੋਂ ਖ਼ੁਦਕੁਸ਼ੀ ਕਰਨ ਵਿੱਚ ਕੋਈ ਸ਼ੱਕ ਨਹੀਂ ਸੀ ਤਾਂ ਮੈਡੀਕਲ ਅਧਿਕਾਰੀ ਡਾ. ਅਮਿਤ ਲਾਠਵਾਲ ਨੂੰ ਕਿਉਂ ਹਟਾਇਆ ਗਿਆ। ਕਾਂਗਰਸ ਵੱਲੋਂ ਸੂਬਾ ਪ੍ਰਧਾਨ ਨੇ ਮ੍ਰਿਤਕ ਪੱਤਰਕਾਰ ਦੀ ਪਤਨੀ ਮੋਨਿਕਾ ਸ੍ਰੀਵਾਸਤਵ ਨੂੰ 5.10 ਲੱਖ ਦੀ ਵਿੱਤੀ ਮਦਦ ਵੱਜੋਂ ਬੈਂਕ ਡਰਾਫ਼ਟ ਉਸ ਦੇ ਘਰ ਭਜਨਪੁਰਾ ਵਿੱਚ ਜਾ ਕੇ ਦਿੱਤਾ।