ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਜੇਐੱਨਯੂ ਵਿੱਚ ਮਾਸਾਹਾਰੀ ਖਾਣਾ ਪਰੋਸਣ ਨੂੰ ਲੈ ਕੇ ਹੋਈ ਹਿੰਸਾ ਖ਼ਿਲਾਫ਼ ਜੇਐੱਨਯੂ ਦੇ ਵਿਦਿਆਰਥੀਆਂ ਵੱਲੋਂ ‘ਆਇਸਾ’ ਦੀ ਅਗਵਾਈ ਹੇਠ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਗੇਟ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ।
ਜੇਐੱਨਯੂ ਵਿੱਚ ਵਿਦਿਆਰਥੀਆਂ ਨੇ ਸਵੇਰੇ ’ਵਰਸਿਟੀ ਦੇ ਉਪ ਕੁਲਪਤੀ ਨੂੰ ਆਪਣਾ ਮੰਗ ਪੱਤਰ ਦੇਣਾ ਚਾਹਿਆ ਪਰ ਸੁਰੱਖਿਆ ਕਰਮੀਆਂ ਨੇ ਮੁੱਖ ਪ੍ਰਸ਼ਾਸਕੀ ਦਫ਼ਤਰ ਦਾ ਗੇਟ ਨਹੀਂ ਖੋਲ੍ਹਿਆ ਤੇ ਵਿਦਿਆਰਥੀ ਉਡੀਕ ਕਰਕੇ ਪਰਤ ਆਏ। ਵਿਦਿਆਰਥੀਆਂ ਨੇ ਅੱਜ ਕੈਂਪਸ ਵਿੱਚ ਮਨੁੱਖੀ ਲੜੀ ਵੀ ਬਣਾਈ ਤੇ ਆਪਣਾ ਸ਼ਾਂਤਮਈ ਵਿਰੋਧ ਦਰਜ ਕਰਵਾਇਆ।
ਸਟੂਡੈਂਟਸ ਐਸੋਸੀਏਸ਼ਨ ਨੇ ਕਿਹਾ ਕਿ ਇਹ ਹਿੰਸਾ ਇੱਕ ਵੱਖਰੀ ਘਟਨਾ ਨਹੀਂ ਹੈ, ਨਾ ਤਾਂ ਏਬੀਵੀਪੀ ਦੁਆਰਾ ਯੂਨੀਵਰਸਿਟੀ ਕੈਂਪਸ ਵਿੱਚ ਕੀਤੀ ਗਈ ਹਿੰਸਾ ਅਤੇ ਨਾ ਹੀ ਸੰਘ ਦੁਆਰਾ ਨਫ਼ਰਤ ਦੇ ਪ੍ਰਚਾਰ ਨੂੰ ਫੈਲਾਉਣ ਲਈ ਭਾਰਤੀ ਤਿਉਹਾਰਾਂ ਦਾ ਫਿਰਕੂਕਰਨ ਕੋਈ ਨਵੀਂ ਗੱਲ ਹੈ। ਸੰਘ ਦੇ ਵੱਖ-ਵੱਖ ਸੰਗਠਨਾਂ ਨੇ ਰਾਮਨੌਮੀ ਦੇ ਜਲੂਸ ਦੇ ਨਾਮ ’ਤੇ ਦੇਸ਼ ਦੇ ਅੱਠ ਤੋਂ ਵੱਧ ਰਾਜਾਂ ਵਿੱਚ ਪੂਰੀ ਤਰ੍ਹਾਂ ਨਾਲ ਮੁਸਲਿਮ ਵਿਰੋਧੀ ਹਿੰਸਾ ਭੜਕਾਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਸੰਘ ਦੀ ਵਿਚਾਰਧਾਰਾ ਵਿਰੁੱਧ ਵਿਦਿਆਰਥੀ ਇੱਕਜੁੱਟ ਹਨ।