ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਨਵੰਬਰ
ਇੱਥੇ ਅੱਜ ਸਿੰਘੂ ਬਾਰਡਰ ਉੱਤੇ ਮੁਲਾਜ਼ਮਾਂ ਦਾ ਇੱਕ ਜੱਥਾ ‘ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ)’ ਦੀ ਅਗਵਾਈ ਵਿੱਚ ਪੁੱਜਿਆ। ਜੱਥੇ ਦੀ ਅਗਵਾਈ ਕਰ ਰਹੇ ਜੱਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਮੋਤੀ, ਗੁਰਜੀਤ ਸਿੰਘ ਬਟਾਲਾ ਪ੍ਰਧਾਨ ਅਤੇ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਦਿੱਲੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਪੰਜਾਬ ਭਰ ਵਿੱਚੋਂ ਆਇਆ ਇਹ ਨੌਵਾਂ ਜਥਾ ਹੈ। ਇਸ ਤੋਂ ਇਲਾਵਾ ਰੋਡਵੇਜ਼ ਦੇ ਵੱਖ-ਵੱਖ ਡਿਪੂਆਂ ਤੋਂ ਸਾਥੀ ਲਗਾਤਾਰ ਇੱਥੇ ਹਾਜ਼ਰੀ ਭਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਸਭ ਵਰਗਾਂ ਨੂੰ ਕਾਰਪੋਰੇਟਾਂ ਦੇ ਅੱਗੇ ਸੁੱਟਿਆ ਹੈ, ਉਸ ਨੇ ਲੋਕਾਂ ਦਾ ਸਭ ਕੁੱਝ ਨੋਚਣਾ ਸ਼ੁਰੂ ਕੀਤਾ ਹੈ। ਅੱਜ ਕਿਸਾਨੀ ਅੰਦੋਲਨ ਦੀ ਸਫ਼ਲਤਾ ਲਈ ਸਭ ਤਬਕਿਆਂ ਦਾ ਇਸ ਵਿੱਚ ਕੁੱਦਣਾ ਜ਼ਰੂਰੀ ਹੈ ਕਿਉਂਕਿ ਇਸ ਮਹਾਨ ਅੰਦੋਲਨ ਨੇ ਹੀ ਸਰਕਾਰ ਦੇ ਵਹਿਸ਼ੀ ਮਨਸੂਬਿਆਂ ਨੂੰ ਘੇਰਿਆ ਹੈ। ਇਸ ਅੰਦੋਲਨ ਦੀ ਕਾਮਯਾਬੀ ਮੁਲਾਜ਼ਮਾਂ -ਮਜ਼ਦੂਰਾਂ ਦੀ ਲੜਾਈ ਨੂੰ ਨਵੀਆਂ ਬੁਲੰਦੀਆਂ ਵੱਲ ਲਿਜਾਵੇਗੀ। ਵਰਤਮਾਨ ਸਮੇਂ ਜੇ ਲੋਕ ਅਵੇਸਲੇ ਰਹੇ ਅਤੇ ਰੋਟੀ ਉੱਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਗਏ ਤਾਂ ਇੱਥੇ ਬਜ਼ਾਰ ਅਤੇ ਰੁਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਇਸ ਮੌਕੇ ਅਵਤਾਰ ਗਗੜਾ, ਸੁਰਿੰਦਰ ਬਰਾੜ, ਬਲਰਾਜ ਭੰਗੂ, ਗੁਰਮੇਲ ਮੈਡਲੇ, ਸਵਰਨ ਹਠੂਰ, ਗੁਰਬਖਸ਼ ਬਟਾਲਾ ਤੇ ਸੁਖਜਿੰਦਰ ਮਹੇਸਰੀ ਹਾਜ਼ਰ ਸਨ।